ਮਾਰੂ ਮਹਲਾ ੩ ॥ ਹਰਿ ਜੀਉ ਸੇਵਿਹੁ ਅਗਮ ਅਪਾਰਾ ॥ ਤਿਸ ਦਾ ਅੰਤੁ ਨ ਪਾਈਐ ਪਾਰਾਵਾਰਾ ॥ ਗੁਰ ਪਰਸਾਦਿ ਰਵਿਆ ਘਟ ਅੰਤਰਿ ਤਿਤੁ ਘਟਿ ਮਤਿ ਅਗਾਹਾ ਹੇ ॥੧॥ ਸਭ ਮਹਿ ਵਰਤੈ ਏਕੋ ਸੋਈ ॥ ਗੁਰ ਪਰਸਾਦੀ ਪਰਗਟੁ ਹੋਈ ॥ ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ ॥੨॥ ਪੂਰੈ ਸਤਿਗੁਰਿ ਬੂਝਿ ਬੁਝਾਇਆ ॥ ਹੁਕਮੇ ਹੀ ਸਭੁ ਜਗਤੁ ਉਪਾਇਆ ॥ ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥ ਸਚਾ ਸਤਿਗੁਰੁ ਸਬਦੁ ਅਪਾਰਾ ॥ ਤਿਸ ਦੈ ਸਬਦਿ ਨਿਸਤਰੈ ਸੰਸਾਰਾ ॥ ਆਪੇ ਕਰਤਾ ਕਰਿ ਕਰਿ ਵੇਖੈ ਦੇਦਾ ਸਾਸ ਗਿਰਾਹਾ ਹੇ ॥੪॥ਕੋਟਿ ਮਧੇ ਕਿਸਹਿ ਬੁਝਾਏ ॥ ਗੁਰ ਕੈ ਸਬਦਿ ਰਤੇ ਰੰਗੁ ਲਾਏ ॥ ਹਰਿ ਸਾਲਾਹਹਿ ਸਦਾ ਸੁਖਦਾਤਾ ਹਰਿ ਬਖਸੇ ਭਗਤਿ ਸਲਾਹਾ ਹੇ ॥੫॥ ਸਤਿਗੁਰੁ ਸੇਵਹਿ ਸੇ ਜਨ ਸਾਚੇ ॥ ਜੋ ਮਰਿ ਜੰਮਹਿ ਕਾਚਨਿ ਕਾਚੇ ॥ ਅਗਮ ਅਗੋਚਰੁ ਵੇਪਰਵਾਹਾ ਭਗਤਿ ਵਛਲੁ ਅਥਾਹਾ ਹੇ ॥੬॥ ਸਤਿਗੁਰੁ ਪੂਰਾ ਸਾਚੁ ਦ੍ਰਿੜਾਏ ॥ ਸਚੈ ਸਬਦਿ ਸਦਾ ਗੁਣ ਗਾਏ ॥ ਗੁਣਦਾਤਾ ਵਰਤੈ ਸਭ ਅੰਤਰਿ ਸਿਰਿ ਸਿਰਿ ਲਿਖਦਾ ਸਾਹਾ ਹੇ ॥੭॥ ਸਦਾ ਹਦੂਰਿ ਗੁਰਮੁਖਿ ਜਾਪੈ ॥ ਸਬਦੇ ਸੇਵੈ ਸੋ ਜਨੁ ਧ੍ਰਾਪੈ ॥ ਅਨਦਿਨੁ ਸੇਵਹਿ ਸਚੀ ਬਾਣੀ ਸਬਦਿ ਸਚੈ ਓਮਾਹਾ ਹੇ ॥੮॥ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ ॥ ਮਨਹਠਿ ਕਰਮ ਫਿਰਿ ਜੋਨੀ ਪਾਏ ॥ ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ ॥੯॥ ਪੂਰਾ ਸਤਿਗੁਰੁ ਭਗਤਿ ਦ੍ਰਿੜਾਏ ॥ ਗੁਰ ਕੈ ਸਬਦਿ ਹਰਿ ਨਾਮਿ ਚਿਤੁ ਲਾਏ ॥ ਮਨਿ ਤਨਿ ਹਰਿ ਰਵਿਆ ਘਟ ਅੰਤਰਿ ਮਨਿ ਭੀਨੈ ਭਗਤਿ ਸਲਾਹਾ ਹੇ ॥੧੦॥ ਮੇਰਾ ਪ੍ਰਭੁ ਸਾਚਾ ਅਸੁਰ ਸੰਘਾਰਣੁ ॥ ਗੁਰ ਕੈ ਸਬਦਿ ਭਗਤਿ ਨਿਸਤਾਰਣੁ ॥ ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਸਿਰਿ ਸਾਹਾ ਪਾਤਿਸਾਹਾ ਹੇ ॥੧੧॥ ਸੇ ਭਗਤ ਸਚੇ ਤੇਰੈ ਮਨਿ ਭਾਏ ॥ ਦਰਿ ਕੀਰਤਨੁ ਕਰਹਿ ਗੁਰ ਸਬਦਿ ਸੁਹਾਏ ॥ ਸਾਚੀ ਬਾਣੀ ਅਨਦਿਨੁ ਗਾਵਹਿ ਨਿਰਧਨ ਕਾ ਨਾਮੁ ਵੇਸਾਹਾ ਹੇ ॥੧੨॥ਜਿਨ ਆਪੇ ਮੇਲਿ ਵਿਛੋੜਹਿ ਨਾਹੀ ॥ ਗੁਰ ਕੈ ਸਬਦਿ ਸਦਾ ਸਾਲਾਹੀ ॥ ਸਭਨਾ ਸਿਰਿ ਤੂ ਏਕੋ ਸਾਹਿਬੁ ਸਬਦੇ ਨਾਮੁ ਸਲਾਹਾ ਹੇ ॥੧੩॥ ਬਿਨੁ ਸਬਦੈ ਤੁਧੁਨੋ ਕੋਈ ਨ ਜਾਣੀ ॥ ਤੁਧੁ ਆਪੇ ਕਥੀ ਅਕਥ ਕਹਾਣੀ ॥ ਆਪੇ ਸਬਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੇ ॥੧੪॥ ਤੂ ਆਪੇ ਕਰਤਾ ਸਿਰਜਣਹਾਰਾ ॥ ਤੇਰਾ ਲਿਖਿਆ ਕੋਇ ਨ ਮੇਟਣਹਾਰਾ ॥ ਗੁਰਮੁਖਿ ਨਾਮੁ ਦੇਵਹਿ ਤੂ ਆਪੇ ਸਹਸਾ ਗਣਤ ਨ ਤਾਹਾ ਹੇ ॥੧੫॥ ਭਗਤ ਸਚੇ ਤੇਰੈ ਦਰਵਾਰੇ ॥ ਸਬਦੇ ਸੇਵਨਿ ਭਾਇ ਪਿਆਰੇ ॥ ਨਾਨਕ ਨਾਮਿ ਰਤੇ ਬੈਰਾਗੀ ਨਾਮੇ ਕਾਰਜੁ ਸੋਹਾ ਹੇ ॥੧੬॥੩॥੧੨॥
Scroll