- page 938
ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥ ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥ ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥ ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥
One thought on “ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥” Go To Your Profile
Leave a Reply
You must be logged in to post a comment.
ਸਿੱਧ ਗੋਸ਼ਟਿ: ਵਿਚਾਰ ਪਉੜੀ ਦੂਜੀ, ਚੌਥੀ ਅਤੇ ਸਤਵੀ
ਪਉੜੀ ਦੂਜੀ
ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥ ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥ ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥ ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥ (938)
ਪ੍ਰਚਲਿਤ ਧਾਰਨਾ: ਜੋਗੀ ਗੁਰੁ ਨਾਨਕ ਨੂੰ ਸਵਾਲ ਕਰਦੇ ਹਨ ਕਿ ਤੇਰਾ ਨਾਮ ਅਤੇ ਮਨੋਰਥ ਕੀ ਹੈ?
ਵਿਚਾਰ: ਭਾਈ ਗੁਰਦਾਸ ਜੀ ਦੀ ਵਾਰ ਪਹਿਲੀ, ਪਉੜੀ 39ਵੀ ਤੋਂ ਪਤਾ ਚਲਦਾ ਹੈ ਕਿ ਘਟੋ ਘਟ ਇੱਕ ਗੋਸ਼ਠ ਸ਼ਿਵਰਾਤ ਦੇ ਮੇਲੇ ਦੇ ਮੌਕੇ ਤੇ ਅਚਲ ਵਟਾਲੇ ਹੋਈ। ਇਹ ਕਹਿ ਪਾਉਣਾ ਕਠਿਨ ਹੈ ਕਿ ਸਾਰੀ “ਸਿੱਧ ਗੋਸਿਟ” ਇਕੋ ਗੋਸ਼ਠ ਦੇ ਹੀ ਫਲਸਵਰੂਪ ਉਚਾਰੀ ਹੋਵੇ। ਭਾਈ ਸਾਹਿਬ ਲਿਖਦੇ ਹਨ:
ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ।
ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ।
ਲੱਗੀ ਬਰਸਣ ਲੱਛਮੀ ਰਿੱਧ ਸਿੱਧ ਨਉ ਨਿੱਧ ਸਵਾਈ।
ਜੋਗੀ ਦੇਖ ਚਲਿੱਤ੍ਰ ਨੋ ਮਨ ਵਿੱਚ ਰਿਸਿਕਿ ਘਨੇਰੀ ਖਾਈ। (ਵਾਰ1, ਪਉੜੀ 39)
ਖਾਧੀ ਖੁਣਸਿ ਜੋਗੀਸਰਾਂ ਗੋਸਟਿ ਕਰਨ ਸਭੇ ਉਠ ਆਈ।। (ਵਾਰ 1, ਪਉੜੀ 40)
“ਪੁਰਾਤਨ ਜਨਮ ਸਾਖੀ” ਵਾਲਾ ਉਦਾਸੀ ਪੰਜਵੀ, ਸਾਖੀ 52 ਵਿੱਚ ਲਿਖਦਾ ਹੈ ਕਿ ਇਹ ਗੋਸ਼ਠ ਗੋਰਖ ਹਟੜੀ ਹੋਈ।
‘ਬਾਬਾ ਗੋਰਖ ਹਟੜੀ ਗਇਆ। ੳਥੈ ਸਿਧਾਂ ਡਿਠਾ, ਸਿਧਾਂ ਪੁੱਛਣਾ ਕੀਤਾ; ‘ਜੋ ਤੂੰ ਕਉਣੁ ਖਤ੍ਰੀ ਹੈਨ?’ ਤਬ ਬਾਬੇ ਭੀ ਆਖਿਆ: ‘ਨਾਨਕੁ ਆਖਦੇ ਹੈਨਿ’ ਤਬ ਚਉਰਾਸੀਹ ਸਿਧ ਆਸਣਿ ਕਰਿ ਬੈਠੇ।”
ਮੇਹਰਬਾਨ ਵਾਲੀ ਜਨਮਸਾਖੀ ਗੋਸ਼ਠ ਪੰਧਰਵੀ ਵਿੱਚ ਇਹ ਗੋਸ਼ਠ ਕਰਤਾਰਪੁਰ ਹੋਈ ਦਾ ਪਤਾ ਚਲਦਾ ਹੈ।
“ਅਬ ਪੰਧਰਵੀ ਗੋਸਟੀ ਚਲੀ।। ਸਿਧਾ ਨਾਲਿ ਗੁਰੁ ਬਾਬੇ ਨਾਨਕ ਕੀਨੀ ਕਰਤਾਰਪੁਰਿ ਵਿਚਿ।। ਬੋਲਹੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।। ਤਬ ਏਕ ਦਿਨਿ ਗੁਰੁ ਬਾਬਾ ਨਾਨਕੁ ਜੀ ਕਰਤਾਰਪੁਰਿ ਅਪਨੇ ਆਸ੍ਰਮ ਮਹਿ ਬੈਠਾ ਥਾ ਅਰੁ ਅਚਲਿ ਵਟਾਲੇ ਕਾ ਮੇਲਾ ਥਾ ਕਾਤਿਕ ਕੀ ਪੂਰਨਮਾਸੀ ਕਾ, ਤਹਾ ਲੋਕ ਅਨੇਕ ਅਸੰਖ ਆਇ ਇਕਤ੍ਰ ਹੋਏ ਥੇ ਸੋ ਉਹੁ ਸਿਧਾ ਕਾ ਮੁਕਾਮੁ ਹੈ, ਉਹਾ ਕੇ ਮੇਲੇ ਊਪਰਿ ਸਿਧ ਭੀ ਕੋਈ ਅਵਸ ਆਇ ਰਹਤਾ ਹੈ।। ਸੋ ਜਬ ਮੇਲਾ ਹੋਇਆ, ਹੋਇ ਕਰਿ ਜਬ ਉਝੜਿਆ।। ਤਬ ਸਿਧਾ ਕੇ ਮਨਿ ਉਪਜੀ ਜੋ ਨਾਨਕੁ ਭਗਤੁ ਸ੍ਰੀ ਗੋਰਖੁ ਨਾਥਿ ਰਾਜੇ ਭਰਥਰੀ ਜੀ ਕਾ ਬਹੁਤਿ ਹਿਤਿਕਾਰੀ ਅਜੁ ਪ੍ਰੀਤਮੁ ਹੈ ਸੋ ਉਸਿ ਪੁਰਖਿ ਕਾ ਅਸਥਲੁ ਈਹਾ ਤੇ ਨਜੀਕ ਹੀ ਸੁਣੀਤਾ ਹੈ ਸੋ ਨਾਨਕ ਗੁਰੁ ਜੀ ਕਾ ਦਰਸਨ ਕਰਿ ਕਰਿ ਜਾਹਿ ਜਾਣੀਐਗਾ ਜੋ ਗੋਰਖ ਹੀ ਕਾ ਦਰਸਨੁ ਕੀਆ ਹੈ, ਚਲੀਐ ਜੀ।। ਹਮ ਨਾਨਕ ਭਗਤਿ ਕਾ ਦਰਸਨੁ ਕਰਹਗੇ, ਗੋਰਖ ਗੁਰੁ ਕਾ ਰੂਪ ਹੈ। ਤਬ ਅਚਲ ਵਟਾਲੇ ਤੇ ਉਹੁ ਚਲੇ ਸਿਧਿ ਕਰਤਾਰਿ ਆਇ ਪਹੁਚੇ।।”
ਤਿੰਨੇ ਲਿਖਾਰੀਆਂ ਨੇ ਵੱਖ ਵੱਖ ਥਾਂ ਦਸੇ ਹਨ। ਪਰ ਇੱਕ ਗੱਲ ਤੇ ਤਿੰਨੇ ਹੀ ਸਹਿਮਤ ਹਨ ਕਿ ਗੋਸ਼ਠੀ ਕਰਨ ਸਿੱਧ ਗੁਰੁ ਨਾਨਕ ਕੋਲ ਆਏ ਨਾ ਕਿ ਗੁਰੁ ਨਾਨਕ ਸਿੱਧਾਂ ਕੋਲ ਗਏ।
ਦੂਸਰਾ ਇਹ ਕਿ ਜਦੋਂ ਇਹ ਗੋਸ਼ਠ ਹੋਈ, ਉਦੋ ਗੁਰੁ ਨਾਨਕ ਸਾਹਿਬ ਦੀ ਬ੍ਰਿਧ ਅਵਸਥਾ ਸੀ। ਇਹ ਤਿੰਨਾਂ ਲਿਖਾਰੀਆਂ ਦੀ ਹੀ ਲਿਖਤ ਤੋਂ ਪਤਾ ਚਲਦਾ ਹੈ। ਪੁਰਾਤਨ ਜਨਮ ਸਾਖੀ ਵਾਲਾ ਇਹ ਗੋਸ਼ਠ “ਪੰਜਵੀ ਉਦਾਸੀ ਦੌਰਾਨ ਹੋਈ ਦਸਦਾ ਹੈ। ਭਾਈ ਗੁਰਦਾਸ ਦੀ 38ਵੀ ਪਉੜੀ ਤੇ ਮੇਹਰਬਾਨ ਵਾਲੀ ਜਨਮ ਸਾਖੀ ਤੋਂ ਵੀ ਇਹ ਸਪਸ਼ਟ ਹੈ ਕਿ ਕਰਤਾਰਪੁਰ ਉਦੋਂ ਤਕ ਵੱਸ ਚੁਕਿਆ ਸੀ। ਜਾਹਿਰ ਹੈ ਕਿ ਗੁਰੁ ਨਾਨਕ ਬਾਲ ਅਵਸਥਾ ਵਿੱਚ ਨਹੀਂ ਸਨ।
ਸਵਾਲ ਇਹ ਪੈਦਾ ਹੁੰਦਾ ਹੈ ਕਿ “ਸਿੱਧ ਗੋਸਟਿ “ਦੀ ਦੂਜੀ ਪਉੜੀ ਵਿੱਚ ਜੋਗੀ ਗੁਰੁ ਨਾਨਕ ਨੂੰ “ਬਾਲੇ” ਕਹਿ ਕੇ ਕਿਉਂ ਸੰਬੋਧਨ ਕਰ ਰਹੇ ਹਨ? ਆਮ ਤੌਰ ਤੇ ਜਿਸ ਦੇ ਘਰ ਜਾਈਏ, ਉਸ ਦੀ ਮੁੱਢਲੀ ਜਾਣਕਾਰੀ ਹੁੰਦੀ ਹੈ। ਇਹ ਕਿਵੇ ਹੋ ਸਕਦਾ ਹੈ ਕਿ ਜਿਸ ਗੁਰੁ ਨਾਨਕ ਦਾ ਪ੍ਰਕਾਸ਼ ਸਭ ਪਾਸੇ ਫੈਲ ਚੁਕਾ ਹੋਵੇ, ਉਹਦਾ ਜੋਗੀਆਂ ਨੂੰ ਪਤਾ ਹੀ ਨਾ ਹੋਵੇ? ਦੂਸਰਾ ਇਹ ਕਿ ਇਸੇ ਹੀ ਪਉੜੀ ਦੀ ਅਖੀਰਲੀ ਪੰਕਤੀ ਵਿੱਚ ਨਾਨਕ ਨੂੰ “ਬੈਰਾਗੀ” ਕਹਿ ਕੇ ਸੰਬੋਧਨ ਕਰਨਾ ਅਸੰਗਤੀ ਹੈ। ਸੋ “ਬਾਲੇ” ਅਤੇ “ਬੈਰਾਗੀ” ਕਿਸ ਨੂੰ ਕਿਹਾ ਗਿਆ ਹੈ?
ਕਿਉਂਕਿ “ਸਿੱਧ ਗੋਸਟਿ” ਜੋਗੀਆਂ ਨਾਲ ਹੋਈ ਗੋਸ਼ਠੀ ਹੈ, ਇਸ ਕਰ ਕੇ ਇਸ ਵਿੱਚ ਜੋਗਮੱਤ ਦੀ ਹੀ ਸ਼ਬਦਾਵਲੀ ਦਾ ਪ੍ਰਭਾਵ ਹੈ। ਮਹਾਨ ਕੋਸ਼ ਵਿੱਚ “ਬਾਲਾ” ਦੇ ਕਈ ਅਰਥ ਕੀਤੇ ਗਏ ਹਨ ਪਰ ਨਾਲ ਹੀ ਇੱਕ ਹੋਰ ਸ਼ਬਦ ਵੀ ਹੈ” ਬਾਲੇਹ” ਜਿਸ ਦਾ ਅਰਥ ਹੈ “ਪਿਆਰਾ”। ਜੋਗਮੱਤ ਵਿੱਚ ਵੀ ਪਰਮਾਤਮਾ ਦੀ ਤੁਲਨਾ ਇੱਕ ਬਾਲਕ ਨਾਲ ਕੀਤੀ ਗਈ ਹੈ। ਜਿਵੇਂ ਬੱਚੇ ਪਿਆਰੇ ਲਗਦੇ ਹਨ ਅਤੇ ਪਾਪ ਰਹਿਤ ਹੁਂਦੇ ਹਨ ਉਸੇ ਤਰਾਂ ਜੋਗਮੱਤ ਅਤੇ ਗੁਰਮੱਤ, ਦੋਹਾਂ ਦਾ ਹੀ ਰੱਬ ਪਿਆਰਾ ਅਤੇ ਪਾਪ ਰਹਿਤ ਹੈ। ਧਿਆਨ ਰਹੇ ਕਿ ਮੈਂ ਜੋਗਮੱਤ ਦੀ ਗੱਲ ਕਰ ਰਿਹਾ ਹਾਂ ਨਾ ਕਿ ਜੋਗੀਆਂ ਦੀ। ਅੱਜ ਜਿਵੇਂ ਸਿੱਖਾਂ ਅਤੇ ਸਿੱਖੀ ਵਿੱਚ ਬੜਾ ਪਾੜਾ ਹੈ, ਉਸੇ ਤਰਾਂ ਗੁਰੁ ਨਾਨਕ ਦੇ ਵੇਲੇ ਤੱਕ ਜੋਗਮੱਤ ਅਤੇ ਜੋਗੀਆਂ ਵਿੱਚ ਵੀ ਬਹੁਤ ਪਾੜਾ ਪੈ ਚੁਕਿਆ ਸੀ।
ਗੋਰਖ ਬਾਣੀ ਕਹਿੰਦੀ ਹੈ।
ਬਸਤੀ ਨ ਸੁਨਯੰ ਸੁਨਯੰ ਨ ਬਸਤੀ ਅਗਮ ਅਗੋਚਰ ਐਸਾ।
ਗਗਨ ਸ਼ਿਸ਼ਰ ਮਹਿ ਬਾਲਕ ਬੋਲੇ ਤਾਕਾ ਨਾਵੰ ਧਰਹੁਗੇ ਕੈਸਾ।। (ਗੋਰਖ ਬਾਣੀ, ਪੰਨਾ 6)
ਗੁਰੂ ਨਾਨਕ ਕਹਿੰਦੇ ਹਨ।
ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੂਪੁ ॥ ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ ॥ (1010)
“ਸਿੱਧ ਗੋਸਟਿ” ਦੀ ਦੂਜੀ ਪਉੜੀ ਵਿੱਚ ਗੁਰੁ ਨਾਨਕ ਕੋਲੋਂ ਉਸ ਦੀ ਜਾਣ ਪਛਾਣ ਨਹੀਂ ਪੁੱਛੀ ਜਾ ਰਹੀ। ਸਗੋਂ ਗੁਰੁ ਨਾਨਕ ਗੋਸ਼ਠੀ ਦੇ ਵਿਸ਼ੇ ਨੂੰ ਬਿਆਨ ਕਰ ਰਹੇ ਹਨ।” ਬਾਲੇ” ਅਤੇ “ਬੈਰਾਗੀ” ਪਰਮਾਤਮਾ ਵਾਸਤੇ ਵਰਤੇ ਗਏ ਲਫਜ ਹਨ। ਇਸ ਵਿੱਚ ਅਰਦਾਸ ਕੀਤੀ ਗਈ ਹੈ ਕਿ ਹੇ ਰੱਬਾ, ਸਾਨੂੰ ਦੱਸ ਕਿ ਤੈਨੂੰ ਕਿਸ ਨਾਮ ਨਾਲ ਪੁਕਾਰਿਏ, ਤੇਰੇ ਤਕ ਪਹੁੰਚਨ ਦਾ ਰਾਹ ਕੀ ਹੈ? ਇਸ ਜੀਵਨ ਦਾ ਮਨੋਰਥ ਕੀ ਹੈ?
ਪਉੜੀ ਚੌਥੀ
ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥ ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥ ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥ ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥
ਧਾਰਨਾ: ਚਰਪਟ ਦਾ ਗੁਰੁ ਨਾਨਕ ਨੂੰ ਸਵਾਲ ਹੈ।
ਵਿਚਾਰ: ਗੁਰਬਾਣੀ ਵਿੱਚ 5 ਸਿੱਧਾਂ ਦੇ ਨਾਮ ਆਏ ਹਨ। ਗੋਰਖ, ਮਛੰਦਰ, ਚਰਪਟ, ਭਰਥਰਿ ਅਤੇ ਗੋਪੀਚੰਦ। ਇਨਸਾਇਕਲੋਪੀਡੀਆ ਆੱਫ ਸਿਖੀਸਮ ਦੇ ਮੁਤਾਬਿਕ ਚਰਪਟ ਨਾਥ 12ਵੀਂ ਸ਼ਤਾਬਦੀ ਵਿੱਚ ਹੋਇਆ ਹੈ। ਸੋ ਚਰਪਟ ਗੁਰੁ ਨਾਨਕ ਸਾਹਿਬ ਨਾਲ ਕਿਵੇਂ ਗੋਸ਼ਠੀ ਕਰ ਸਕਦਾ ਹੈ? ਗੋਰਖ, ਮਛੰਦਰ, ਭਰਥਰਿ ਅਤੇ ਗੋਪੀ ਚੰਦ ਤੇ ਚਰਪਟ ਤੋਂ ਵੀ ਪਹਿਲਾਂ ਦੇ ਹੋਏ ਹਨ। ਦੂਸਰਾ ਇਹ ਕਿ ਰਾਮਕਲੀ ਕੀ ਵਾਰ ਵਿੱਚ ਹੀ ਗੁਰੁ ਨਾਨਕ ਸਾਹਿਬ ਗੋਰਖ, ਗੋਪੀਚੰਦ, ਭਰਥਰਿ ਅਤੇ ਚਰਪਟ ਦਾ ਹਵਾਲਾ ਦੇ ਕੇ ਲਿਖਦੇ ਹਨ ਕਿ:
ਮਃ ੧ ॥ ਸੋ ਅਉਧੂਤੀ ਜੋ ਧੂਪੈ ਆਪੁ ॥ ਭਿਖਿਆ ਭੋਜਨੁ ਕਰੈ ਸੰਤਾਪੁ ॥ ਅਉਹਠ ਪਟਣ ਮਹਿ ਭੀਖਿਆ ਕਰੈ ॥ ਸੋ ਅਉਧੂਤੀ ਸਿਵ ਪੁਰਿ ਚੜੈ ॥ ਬੋਲੈ ਗੋਰਖੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੩॥
ਮਃ ੧ ॥ ਸੋ ਉਦਾਸੀ ਜਿ ਪਾਲੇ ਉਦਾਸੁ ॥ ਅਰਧ ਉਰਧ ਕਰੇ ਨਿਰੰਜਨ ਵਾਸੁ ॥ ਚੰਦ ਸੂਰਜ ਕੀ ਪਾਏ ਗੰਢਿ ॥ ਤਿਸੁ ਉਦਾਸੀ ਕਾ ਪੜੈ ਨ ਕੰਧੁ ॥ ਬੋਲੈ ਗੋਪੀ ਚੰਦੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੪॥
ਮਃ ੧ ॥ ਸੋ ਪਾਖੰਡੀ ਜਿ ਕਾਇਆ ਪਖਾਲੇ ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥ ਸੁਪਨੈ ਬਿੰਦੁ ਨ ਦੇਈ ਝਰਣਾ ॥ ਤਿਸੁ ਪਾਖੰਡੀ ਜਰਾ ਨ ਮਰਣਾ ॥ ਬੋਲੈ ਚਰਪਟੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੫॥
ਮਃ ੧ ॥ ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥ ਗਗਨ ਮੰਡਲ ਮਹਿ ਰੋਪੈ ਥੰਮੁ ॥ ਅਹਿਨਿਸਿ ਅੰਤਰਿ ਰਹੈ ਧਿਆਨਿ ॥ ਤੇ ਬੈਰਾਗੀ ਸਤ ਸਮਾਨਿ ॥ ਬੋਲੈ ਭਰਥਰਿ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੬॥
ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਚਰਪਟ ਅਜੇ ਆਪ “ਸਿੱਧ ਗੋਸ਼ਠ” ਵਿੱਚ ਪ੍ਰਸ਼ਨਕ੍ਰਤਾ ਹੈ, ਉਸੇ ਚਰਪਟ ਦੇ ਬਚਨਾਂ ਦਾ ਹਵਾਲਾ “ਰਾਮਕਲੀ ਕੀ ਵਾਰ “ਵਿਚ ਕਿਉਂ ਦਿੱਤਾ ਗਿਆ ਹੈ?
ਦਰਅਸਲ “ਸਿੱਧ ਗੋਸਟਿ” ਵਿੱਚ ਵੀ ਚਰਪਟ ਪ੍ਰਸ਼ਨਕ੍ਰਤਾ ਨਹੀਂ ਹੈ। ਸਗੋਂ ਗੁਰੁ ਨਾਨਕ ਜੋਗੀਆਂ ਨੂੰ ਸ਼ੁਰੂ ਵਿੱਚ ਪਹਿਲੇ ਹੋਏ ਜੋਗੀਆਂ ਦਾ ਹਵਾਲਾ ਦੇ ਰਹੇ ਹਨ। ਗੁਰੂ ਸਾਹਿਬ ਕਹਿ ਰਹੇ ਹਨ ਕਿ ਚਰਪਟ ਨੇ ਦੁਨਿਆ ਨੂੰ “ਦੁਤਰ ਸਾਗਰ” ਕਹਿਆ ਹੈ ਪਰ ਉਹ ਵੀ ਰੱਬ ਦੀ ਬਨਾਈ ਇਸ ਦੁਨਿਆ ਵਿੱਚ ਕੋਈ “ਬੈਸਣੁ” ਭਾਵ ਨੁਕਸ ਨਹੀਂ ਦੇਖਦਾ। ਰਹਾਉ ਦੀ ਪੰਕਤੀ ਵਿੱਚ ਗੁਰੁ ਸਾਹਿਬ ਦਾ ਬਚਨ ਹੈ।
ਕਿਆ ਭਵੀਐ ਸਚਿ ਸੂਚਾ ਹੋਇ ॥ ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥
ਚਰਪਟ ਦਾ ਹਵਾਲਾ ਦੇ ਕੇ ਗੁਰੁ ਸਾਹਿਬ ਕਹਿ ਰਹੇ ਹਨ ਕਿ ਦੁਨਿਆ ਭਾਵੇਂ ਦੁਤਰ ਹੈ ਪਰ ਇਸ ਤੋਂ ਦੌੜਨਾ ਨਹੀਂ ਹੈ। ਇਸ ਨੂੰ ਪਾਰ ਕਿਵੈਂ ਕਰਨਾ ਹੈ, ਇਸ ਦਾ ਜਵਾਬ ਅਗਲੀ ਪਉੜੀ ਵਿੱਚ ਦਿੱਤਾ ਗਿਆ ਹੈ।
ਪਉੜੀ ਸਤਵੀਂ
ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥ ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥ ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥ ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥
ਵਿਚਾਰ: ਇਨਸਾਕਲੋਪੀਡੀਆ ਆੱਫ ਸਿੱਖੀਸਮ ਮੁਤਾਬਿਕ ਤਿੱਬਤ ਵਿੱਚ ਮਛੰਦਰਨਾਥ ਦਾ ਨਾਮ “ਲੁਇਪਾ” ਕਰ ਕੇ ਜਾਣਿਆ ਜਾਂਦਾ ਹੈ।’ ਲੋਹਾਰੀਪਾ” ਇਸ ਨਾਮ ਦਾ ਪੰਜਾਬੀਕਰਣ ਹੈ। ਗੋਰਖਨਾਥ ਦਾ ਗੁਰੁ ਮਛੰਦਰਨਾਥ ਸੀ। “ਗੋਰਖ ਪੂਤੁ ਲੋਹਾਰੀਪਾ” ਦਾ ਅਰਥ “ਗੋਰਖ ਦਾ ਪੁਤਰ ਲੋਹਾਰੀਪਾ” ਨਹੀਂ ਹੈ। ਸਗੋਂ ਮਛੰਦਰ ਦਾ ਪੁੱਤਰ ਗੋਰਖ ਹੈ। ਜਿਸ ਤਰਾਂ ਗੁਰਬਾਣੀ ਵਿੱਚ ਹੋਰ ਕਈ ਸ਼ਬਦ ਹਨ ਜਿਹਨਾਂ ਦੇ ਜੇ ਸਿਰਫ ਸ਼ਬਦਾਰਥਾਂ ਤੇ ਜਾਈਏ ਤਾ ਭੁਲੇਖਾ ਪੈ ਜਾਂਦਾ ਹੈ, ਉਸੀ ਤਰਾਂ ਇਹ ਵੀ ਉਹਨਾਂ ਸ਼ਬਦਾਂ ਵਿਚੋਂ ਹੀ ਇੱਕ ਹੈ। ਕਿਉਂਕਿ ਹੋਰ ਕੋਈ ਜੋਗੀ ਤੇ ਭਾਵੇਂ ਤੀਰਥਾਂ ਤੇ ਨਹਾਉਣ ਦੀ ਗੱਲ ਕਰੇ ਪਰ ਗੋਰਖ ਨਹੀਂ ਕਰ ਸਕਦਾ ਕਿਉਂਕਿ ਗੋਰਖ ਦੇ ਤੇ ਆਪਣੇ ਬਚਨ ਇਹ ਹਨ:
ਤੀਰਥਿ ਤੀਰਥਿ ਸਨਾਂਨ ਕਰੀਲਾ। ਬਾਹਰ ਧੋਇ ਕੈਸੇ ਭੀਤਰ ਭੇਦਿਲਾ।
ਆਦਿਨਾਥ ਨਾਤੀ ਮਛੀਂਨਦਰ ਨਾਥ ਪੂਤਾ, ਨਿਜ ਤਾਤ ਨਿਹਾਰੈ ਗੋਰਸ਼ ਅਵਧੂਤਾ।। (ਗੋਰਖ ਬਾਣੀ, ਪੰਨਾ 224)
ਦਰਅਸਲ ਇਸ ਪਉੜੀ ਵਿੱਚ ਵੀ ਗੁਰੁ ਨਾਨਕ ਗੋਰਖ ਦਾ ਹਵਾਲਾ ਦੇ ਰਹੇ ਹਨ ਅਤੇ ਪਉੜੀ 8ਵੀਂ ਵਿੱਚ ਇਸ ਦਾ ਅਸਲ ਅਰਥ ਦਸ ਰਹੇ ਹਨ।
ਦਿਨ ਪਰ ਦਿਨ ਮੇਰਾ ਖਿਆਲ ਦ੍ਰੜ ਹੋ ਰਿਹਾ ਹੈ ਕਿ ਅਸਲ ਜੋਗਮੱਤ ਬੁਰਾ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਗੁਰਮੱਤ ਅਤੇ ਜੋਗਮੱਤ ਕਿੱਥੇ ਜਾ ਕੇ ਅੱਡ ਅੱਡ ਹੋ ਜਾਂਦੇ ਹਨ ਪਰ ਇਤਨਾ ਜਰੂਰ ਹੈ ਕਿ ਕੀਤੇ ਨਾ ਕੀਤੇ ਮਿਲਦੇ ਜਰੂਰ ਹਨ। ਜਿਵੇਂ ਅੱਜ ਸਿੱਖੀ ਦਾ ਨਾਸ ਕਰਣ ਲਈ ਬ੍ਰਾਹਮਣੀਮੱਤ ਨੇ ਪੂਰਾ ਜੋਰ ਲਾਇਆ ਹੋਇਆ ਹੈ, ੳਸੀ ਤਰਾਂ ਜੋਗਮੱਤ ਨੂੰ ਕੁਰਾਹੇ ਪਾਉਣ ਵਾਲੀ ਇਹ ਬ੍ਰਾਹਮਣੀ ਮੱਤ ਹੀ ਸੀ। ਤੀਰਥਾਂ ਤੇ ਨਹਾਉਣਾ ਬ੍ਰਾਹਮਣੀਮੱਤ ਦਾ ਹਿੱਸਾ ਹੈ ਨਾ ਕਿ ਜੋਗਮੱਤ ਦਾ। ਹੁਣ ਸਮਝ ਲਗਦੀ ਹੈ ਕਿ ਕਿਉਂ ਮੇਹਰਬਾਨ ਵਾਲੀ ਜਨਮ ਸਾਖੀ ਵਿੱਚ ਲਿਖੀਆ ਮਿਲਦਾ ਹੈ ਕਿ ਸਿੱਧਾਂ ਨੂੰ ਗੁਰੁ ਨਾਨਕ ਵਿੱਚ ਗੋਰਖ ਨਜਰ ਆਉਂਦਾ ਸੀ।
ਹੁਣ ਸਮਝ ਲਗਦਾ ਹੈ ਕਿ ਕਿਉਂ ਗੁਰੁ ਅਰਜਨ ਸਾਹਿਬ ਬਚਨ ਕਰਦੇ ਹਨ:
ਗੁਰ ਗੋਰਖ ਕੀ ਤੈ ਬੂਝ ਨ ਪਾਈ ॥ (886)
ਹੁਣ ਮੈਨੂੰ ਜੋਗਮੱਤ ਨਾਲ ਵੀ ਪਿਆਰ ਹੋਣ ਲੱਗ ਪਿਆ ਹੈ। ਦੋ ਕਾਰਨਾਂ ਕਰ ਕੇ। ਇੱਕ ਤੇ ਜੋਗਮੱਤ ਵੀ ਪੰਜਾਬ ਵਿੱਚ ਪੈਦਾ ਹੋਇਆ ਹੈ। ਇਹ ਵੀ ਸਾਡੇ 5000 ਸਾਲਾਂ ਦੇ ਇਤੀਹਾਸ ਅਤੇ ਵਿਰਸੇ ਦਾ ਹਿੱਸਾ ਹੈ। ਦੂਜਾ ਇਹ ਗੁਰੁ ਨੂੰ ਪਰਵਾਨ ਹੈ। ਫਿਰ ਸਿੱਖ ਨੂੰ ਕਿਉਂ ਨਾ ਹੋਵੇ?
ਅਸਲ ਜੋਗਮੱਤ ਤੇ ਹੇਠਾਂ ਲਿਖੀ ਗੋਰਖ ਦੀ ਬਾਣੀ ਹੈ।
ਸੁਣੋ ਹੋ ਨਰਵੈ ਸੁਧਿ-ਬੁਧਿ ਕਾ ਵਿਚਾਰ।
ਪੰਚ ਤਤ ਲੇ ਉਤਪਨਾਂ ਸਕਲ ਸੰਸਾਰ।।
ਪਹਲੈ ਆਰੰਭ ਘਟ ਪਰਚਾ ਕਰੌ ਨਿਸਪਤੀ।
ਨਰਵੈ ਬੋਧ ਕਥੰਤ ਸ੍ਰੀ ਗੋਰਸ਼ਜਤੀ।।
ਪਹਲੈ ਆਰੰਭ ਛਾੜੌ ਕਾਮ ਕ੍ਰੌਧ ਅਹੰਕਾਰ।
ਮਨ ਮਾਯਾ ਵਿਸ਼ੈ ਵਿਕਾਰ।।
ਹੰਸਾ ਪਕੜਿ ਘਾਤ ਜਿਨਿ ਕਰੌ।
ਤ੍ਰਿਸ਼ਨਾਂ ਤਜੌ ਲੋਭ ਪਰਹਰੌ।।
ਛਾੜੌ ਦੰਦ ਰਹੌ ਨਿਰਦੰਦ।
ਤਜੌ ਅਲਯੰਗਨ ਰਹੌ ਅਬੰਧ।।
ਸਹਜ ਜੁਗਤਿ ਲੇ ਆਸਣ ਕਰੌ।
ਤਨ ਮਨ ਪਵਨਾ ਦਿਡ ਕਰਿ ਧਰੌ।।
ਸੰਜਮ ਚਿਤੳ ਜੁਗਤ ਅਹਾਰ।
ਨਯੰਦ੍ਰਾ ਤਜੌ ਜੀਵਨ ਕਾ ਕਾਲ।।
ਛਾੜੌ ਤੰਤ ਮੰਤ ਬੈਦੰਤ।
ਜੰਤ੍ਰ ਗੁਟਿਕਾ ਧਾਤ ਪਾਸੰਡ।।
ਜੜ੍ਹੀ-ਬੂਟੀ ਕਾ ਨਾੳ ਜਿਨਿ ਲੇਹੂ।
ਰਾਜ ਦੁਵਾਰ ਪਾਵ ਜਿਨਿ ਦੇਹੂ।।
ਥੰਭਨ ਮੋਹਨ ਬਿਸਿਕਰਨ ਛਾੜੌ ਔਚਾਟ।
ਸੁਣੌ ਹੇ ਜੋਗੇਸਰੋ ਜੋਗਾਰੰਭ ਕੀ ਬਾਟ।।