ਸੋਰਠਿ ਮਹਲਾ ੪ ॥ ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ॥ ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ ॥ ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਓਮਾਹਾ ॥ ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ॥ ਰਹਾਉ ॥ ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ ॥ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ ॥ ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥੨॥ ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ ॥ ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਾਰਾਹਾ ॥ ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ ॥੩॥ ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ ॥ ਗਲਿ ਜੇਵੜੀ ਆਪੇ ਪਾਇਦਾ ਪਿਆਰਾ ਜਿਉ ਪ੍ਰਭੁ ਖਿੰਚੈ ਤਿਉ ਜਾਹਾ ॥ ਜੋ ਗਰਬੈ ਸੋ ਪਚਸੀ ਪਿਆਰੇ ਜਪਿ ਨਾਨਕ ਭਗਤਿ ਸਮਾਹਾ ॥੪॥੬॥
Scroll