ਪਉੜੀ ॥ ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥ ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥ ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥ ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥ ਕੋ ਰਹੈ ਨ ਭਰੀਐ ਪਾਈਐ ॥੫॥

One thought on “ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥”       Go To Your Profile

  1. ਆਓ ਵੀਚਾਰ ਕਰਦੇ ਹਾਂ ਗੁਰੂ ਨਾਨਕ ਜੀ ਦੀ ਇਨਕਲਾਬੀ ਰਚਨਾ ਆਸਾ ਕੀ ਵਾਰ ਦੀ ਪੰਜਵੀਂ ਪਉੜੀ ਦੀ ….

    ਨਾਉ ਤੇਰਾ ਨਿਰੰਕਾਰੁ ਹੈ
    ਨਾਉ = ਨਾਮ, ਹਸਤੀ , ਹੋਂਦ । ਨਾਉ ਤੇਰਾ = ਤੇਰੀ ਹਸਤੀ , ਤੇਰੀ ਹੋਂਦ । ਨਿਰੰਕਾਰੁ = ਅਕਾਰ ਰਹਿਤ , ਨਿਰੰਕਾਰੁ ਰੱਬ ਦੇ ਗੁਣਾਂ ਵਾਲੀ।
    ਅਰਥ : ਇਥੇ ਗੁਰੂ ਜੀ ਜੀਵ ਦੇ ਮਨ ਨੂੰ ਸੰਬੋਧਨ ਹੋ ਕੇ ਸਮਝਾ ਰਹੇ ਹਨ , ਹੇ ਮਨਾ ! ਤੇਰੀ ਹੋਂਦ ਤੇਰੀ ਹਸਤੀ ਅਕਾਰ ਰਹਿਤ ਉਸ ਰੱਬੀ ਗੁਣਾਂ ਵਾਲੀ ਹੈ, ਇਸ ਨੂੰ ਪਛਾਣ। “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ {ਪੰਨਾ 441}” … ਜਦੋਂ ਇਸ ਪਉੜੀ ਦੇ ਸਬੰਧਤ ਸਲੋਕ ਦੇਖਦੇ ਹਾਂ ਤਾਂ ਓਹ ਮਨ ਦੀ ਵੀਚਾਰ ਨਾਲ ਹੀ ਮੁਕਦੇ ਹਨ “ਨਚਣੁ ਕੁਦਣੁ ਮਨ ਕਾ ਚਾਉ ॥ ਨਾਨਕ ਜਿਨ੍ ਮਨਿ ਭਉ ਤਿਨ੍ਹ੍ਹਾ ਮਨਿ ਭਾਉ ॥੨॥ {ਪੰਨਾ 465}” ਅਤੇ ਇਸ ਪਉੜੀ ਦੀਆਂ ਬਾਕੀ ਪੰਗਤੀਆਂ ਵਾਂਗ ਇਹ ਵਾਕ ਵੀ ਜੀਵ ਦੇ ਮਨ ਨੂੰ ਹੀ ਸੰਬੋਧਨ ਹੈ ਰੱਬ ਨੂੰ ਨਹੀਂ।

    ਨਾਇ ਲਇਐ ਨਰਕਿ ਨ ਜਾਈਐ
    ਨਾਇ = ਰੱਬੀ ਹੁਕਮ । ਨਾਇ ਲਇਐ = ਰੱਬੀ ਹੁਕਮ ਮੁਤਾਬਿਕ , ਰੱਬੀ ਹੁਕਮ ਅਧੀਨ ਮਿਲੇ ਰੱਬੀ ਗੁਣਾਂ ਮੁਤਾਬਿਕ ਜਿੰਦਗੀ ਜਿਉਂਦਿਆਂ । ਨਰਕਿ = ਨਰਕ ਵਿੱਚ , ਵਿਸ਼ੇ ਵਿਕਾਰਾਂ ਅਧੀਨ ਹੋ ਕੇ ਜਿੰਦਗੀ ਜਿਉਣੀ ਹੀ ਨਰਕ ਹੈ ।
    ਅਰਥ : ਹੇ ਮਨਾ ! ਅਗਰ ਤੂੰ ਰੱਬੀ ਹੁਕਮ ਅਧੀਨ ਮਿਲੇ ਰੱਬੀ ਗੁਣਾਂ ਮੁਤਾਬਿਕ ਆਪਣੀ ਜੀਵਨ ਜਾਚ ਬਣਾਵੇਂਗਾ ਤਾਂ ਵਿਸ਼ੇ-ਵਿਕਾਰਾਂ ਵਾਲੇ ਨਰਕ ਤੋਂ ਬਚਿਆ ਰਹੇਂਗਾ।

    ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
    ਅਰਥ : ਹੇ ਮਨਾ ! ਆਪਣੀ ਅਕਾਰ ਰਹਿਤ ਰਬੀ ਗੁਣਾਂ ਵਾਲੀ ਹੋਂਦ ਨੂੰ ਪਛਾਣ, ਰੱਬੀ ਹੁਕਮ ਅਧੀਨ ਮਿਲੇ ਰੱਬੀ ਗੁਣਾਂ ਨੂੰ ਸਮਝ ਕੇ ਓਨ੍ਹਾਂ ਮੁਤਾਬਿਕ ਆਪਣੀ ਜੀਵਨ-ਜਾਚ ਬਣਾਵੇਂਗਾ ਤਾਂ ਹੀ ਨਰਕ ਵਾਲੀ ਜਿੰਦਗੀ ਤੋਂ ਬਚ ਪਾਵੇਂਗਾ। ਭਾਵ ਸੱਚੇ ਗੁਣਾਂ ਨਾਲ ਸਬੰਧ ਬਣਾਈ ਰੱਖਣ ਨਾਲ ਹੀ ਵਿਸ਼ੇ-ਵਿਕਾਰਾਂ ਰੂਪੀ ਜਮਾ ਤੋਂ ਬਚੇ ਰਹੀਦਾ ਹੈ। ਇਥੇ ਇੱਕ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ…. ਮਨ ਹੀ ਨਰਕ ਨੂੰ ਜਾਂਦਾ ਹੈ ਸਰੀਰ ਨਹੀਂ।

    ਜੀਉ ਪਿੰਡੁ ਸਭੁ ਤਿਸ ਦਾ
    ਜੀਉ = ਜੀਵਾਤਮਾ, ਰੱਬੀ ਗੁਣ ਜਿਨ੍ਹਾਂ ਦਾ ਵਾਸਾ ਜੀਵ ਦੇ ਹਿਰਦੇ ਵਿੱਚ ਹੈ । ਪਿੰਡੁ = ਸਰੀਰ । ਸਭੁ ਤਿਸ ਦਾ = ਇਹ ਸਾਰਾ ਕੁਛ ਰੱਬ ਦਾ ਹੈ , ਰੱਬ ਦੀ ਅਮਾਨਤ ਹੈ।
    ਅਰਥ : ਹੇ ਮਨਾ ! ਇਹ ਸਰੀਰ ਅਤੇ ਇਹ ਜੀਵਾਤਮਾ ਉਸ ਕਰਤੇ ਦੀ ਅਮਾਨਤ ਹਨ ਸੋ ਹੇ ਮਨਾ ! ਇਨ੍ਹਾਂ ਨੂੰ ਉਸ ਕਰਤੇ ਦੇ ਬਣਾਏ ਨਿਯਮ ਵਿੱਚ ਚਲਾਉਣਾ ਤੇਰਾ ਫਰਜ਼ ਹੈ।

    ਦੇ ਖਾਜੈ
    ਦੇ = ਦਿੰਦਾ ਹੈ , ਖੁਰਾਕ ਮੁਹੱਈਆ ਕਰਦਾ ਹੈ । ਖਾਜੈ = ਖਾਧੀ ਜਾ ਰਹੀ ਹੈ।
    ਅਰਥ : ਹੇ ਮਨਾ ! ਜੀਵਾਤਮਾ ਦੀ ਖੁਰਾਕ ਰੱਬੀ ਗੁਣ ਅਤੇ ਸਰੀਰ ਦੀ ਖੁਰਾਕ ਭੋਜਨ ਦੇ ਰੂਪ ਵਿੱਚ ਓਹ ਕਰਤਾ ਆਪ ਮੁਹੱਈਆ ਕਰਦਾ ਹੈ ਅਤੇ ਇਹ ਖੁਰਾਕ ਜੀਉ ਪਿੰਡੁ ਵਲੋਂ ਖਾਧੀ ਜਾ ਰਹੀ ਹੈ। “ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥{ਪੰਨਾ 10}”

    ਆਖਿ ਗਵਾਈਐ
    ਆਖਿ = ਆਖ ਕੇ , ਰੱਬ ਦੀਆਂ ਖੁਰਾਕ ਰੂਪੀ ਦਾਤਾਂ ਨੂੰ ਆਪਣੀਆਂ ਆਖ ਕੇ । ਗਵਾਈਐ = ਗਵਾ ਲਈ ਦੀ ਹੈ , ਇਜ਼ਤ ਗਵਾ ਲਈ ਦੀ ਹੈ ।
    ਅਰਥ : ਹੇ ਮਨਾ ! ਅਗਰ ਤੂੰ ਉਸ ਕਰਤੇ ਦੀਆਂ ਬਖਸ਼ਸ਼ ਕੀਤੀਆਂ ਖੁਰਾਕ ਰੂਪੀ ਦਾਤਾਂ ਨੂੰ ਆਪਣੀਆਂ ਆਖ ਕੇ ਆਪ ਦਾਤਾ ਬਣ ਬੈਠੇਂਗਾ ਅਤੇ ਰੱਬੀ ਹੁਕਮ ਵਿਸਾਰ ਕੇ ਆਪਣੇ ਉਦਮ ਨਾਲ ਇਸ ਜੀਉ ਪਿੰਡੁ ਨੂੰ ਚਲਾਉਣ ਦੀ ਕੋਸ਼ਿਸ਼ ਕਰੇਂਗਾ ਤਾਂ ਉਸ ਸਚੇ ਦੇ ਦਰ ਤੇ ਆਪਣੀ ਇਜ਼ਤ ਗਵਾ ਲਵੇਂਗਾ । “ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ਨਾਨਕ ਅਵਰੁ ਨ ਜੀਵੈ ਕੋਇ ॥ ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥ {ਪੰਨਾ 142}”

    ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥
    ਅਰਥ : ਹੇ ਮਨਾ ! ਇਹ ਸਰੀਰ ਅਤੇ ਇਹ ਜੀਵਾਤਮਾ ਉਸ ਕਰਤੇ ਦੀ ਅਮਾਨਤ ਹਨ ਅਤੇ ਇਨ੍ਹਾਂ ਦੇ ਪਾਲਣ ਪੋਸ਼ਣ ਲਈ ਖੁਰਾਕ ਓਹ ਕਰਤਾ ਆਪ ਮੁਹੱਈਆ ਕਰਦਾ ਹੈ । ਸੋ ਹੇ ਮਨਾ ! ਇਨ੍ਹਾਂ ਸਰੀਰ ਰੂਪੀ ਗਿਆਨ ਇੰਦਰੀਆਂ ਨੂੰ ਉਸ ਕਰਤੇ ਦੇ ਬਣਾਏ ਨਿਯਮ ਵਿੱਚ ਚਲਾਉਣਾ ਤੇਰਾ ਫਰਜ਼ ਹੈ। ਅਗਰ ਤੂੰ ਰੱਬੀ ਹੁਕਮ ਵਿਸਾਰ ਕੇ, ਆਪਣੇ ਆਪ ਨੂੰ ਹਾਕਮ ਆਖ ਇਸ ਜੀਉ ਪਿੰਡੁ ਨੂੰ ਚਲਾਉਣ ਦੀ ਕੋਸ਼ਿਸ਼ ਕਰੇਂਗਾ ਤਾਂ ਉਸ ਸਚੇ ਦੇ ਦਰ ਤੇ ਆਪਣੀ ਇਜ਼ਤ ਗਵਾ ਲਵੇਂਗਾ ।

    ਇਸ ਪਉੜੀ ਦੇ ਪਹਿਲੇ ਦੋ ਵਾਕਾਂ ਵਿੱਚ ਗੁਰੂ ਜੀ ਨੇ ਜੀਵ ਨੂੰ ਕੁਦਰਤ ਦੇ ਮੁਢਲੇ ਨਿਯਮ ਦਾ ਸਚ ਸਮਝਾਇਆ ਹੈ । ਇਸ ਤੋਂ ਅਗੇ ਗੁਰੂ ਜੀ “ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥ ਸੰਸਾਰ ਬਿਰਖ ਕਉ ਦੁਇ ਫਲ ਲਾਏ ॥ {1172}” ਵਾਲੀ ਵੀਚਾਰ ਪੇਸ਼ ਕਰ ਜੀਵ ਨੂੰ ਚੰਗੇ / ਮੰਦੇ ਰਾਹ ਦਾ ਗਿਆਨ ਸਮਝਾ ਰਹੇ ਹਨ ।

    ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥
    ਜੇ ਲੋੜਹਿ = ਜੇ ਤੂੰ ਲੋੜਦਾਂ , ਜੇ ਤੂੰ ਚਾਹੁੰਦਾ ਹੈਂ । ਕਰਿ ਪੁੰਨਹੁ = ਪੁੰਨ ਕਰ ਕੇ , ਭਲੇ ਕੰਮ ਕਰਕੇ । ਨੀਚੁ ਸਦਾਈਐ = ਮਨ ਨੀਵਾਂ ਰੱਖ , ਨਿਮਰਤਾ ਵਿੱਚ ।
    ਅਰਥ : ਜੇ ਮਨਾ ! ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਭਾਵ ਵਿਸ਼ੇ ਵਿਕਾਰਾਂ ਅਧੀਨ ਨਰਕ ਵਾਲੀ ਜਿੰਦਗੀ ਜਿਉਣ ਤੋਂ ਬਚਣਾ ਚਾਹੁੰਦਾ ਹੈਂ ਤਾਂ ਭਲੇ ਕੰਮ ਕਰਦਿਆਂ ਨਿਮਰਤਾ ਵਿੱਚ ਰਹਿ । ਇਥੇ ਵਿਚਾਰਨ ਦੀ ਲੋੜ ਹੈ ਕਿ ਭਲੇ ਕੰਮ ਤਾਂ ਬਹੁਤ ਨੇ ਪਰ ਜੀਵ ਨੇ ਕਿਹੜਾ ਇੱਕ ਭਲਾ ਕੰਮ ਕਰਨਾ ਹੈ ਜੋ ਸਭ ਭਲੇ ਕੰਮਾਂ ਦਾ ਅਧਾਰ ਹੈ, ਓਹ ਹੈ … ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥ ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥ {ਪੰਨਾ 13}… ਹੇ ਜੀਵ ! ਆਪਣਾ ਆਪ ਗੁਰੂ ਦਾ ਅੱਗੇ ਸਮਰਪਣ ਕਰ ਦੇ ਭਾਵ ਆਪਣੀ ਮਤਿ , ਆਪਣੀ ਹਉਮੈ ਛੱਡ ਗੁਰੂ ਦੀ ਮਤਿ ਗ੍ਰਹਿਣ ਕਰ, ਜੋ ਤੈਨੂੰ ( ਜੀਵ ਨੂੰ ) ਰੱਬੀ ਹੁਕਮ / ਰੱਬੀ ਗੁਣਾਂ ਦੀ ਸੋਝੀ ਦੇ ਕੇ ਉਨ੍ਹਾਂ ਮੁਤਾਬਿਕ ਜੀਵਨ-ਜਾਚ ਬਣਾਉਣ ਨੂੰ ਪ੍ਰੇਰਦੀ ਹੈ । ਜਿਸ ਵੀਚਾਰ ਨੂੰ ਗੁਰੂ ਜੀ ਇਸ ਤੋਂ ਪਹਿਲੀ ਪਉੜੀ ( ਪਉੜੀ ਨੰ. ੪ ) ਵਿੱਚ ਸਮਝਾ ਰਹੇ ਹਨ : ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹੀ ਵਿਚਹੁ ਆਪੁ ਗਵਾਇਆ ॥ {ਪੰਨਾ 465}

    ਜੇ ਜਰਵਾਣਾ ਪਰਹਰੈ
    ਜਰਵਾਣਾ = ਜੋਰਾਵਰ , ਹਾਕਮ ਬਣ । ਪਰਹਰੈ = ਛੱਡਣਾ ਚਾਹੁੰਦਾ ਹੈ , ਬਚਣਾ ਚਾਹੁੰਦਾ ਹੈ ।
    ਅਰਥ : ਹੇ ਮਨਾ ! ਅਗਰ ਤੂੰ ਰੱਬੀ ਹੁਕਮ ਨੂੰ ਵਿਸਾਰ ਇਸ ਜੀਉ ਪਿੰਡੁ ਦਾ ਆਪ ਹਾਕਮ ਬਣ, ਇਹ ਸੋਚਦਾ ਹੈ ਕਿ ਤੂੰ ਆਪਣਾ ਬਲਬੂਤੇ ਤੇ ਜਮਾ ਦੀ ਮਾਰ ਤੋਂ ਬਚ ਜਾਵੇਗਾ ਇਹ ਤੇਰਾ ਇੱਕ ਭਰਮ ਹੀ ਹੈ ।

    ਜਰੁ ਵੇਸ ਕਰੇਦੀ ਆਈਐ
    ਜਰੁ = ਬੁਢੇਪਾ , ਢਹਿੰਦੀ ਕਲਾ , ਸੋਚ ਦੀ ਢਹਿੰਦੀ ਕਲਾ । ਵੇਸ = ਰੂਪ । ਵੇਸ ਕਰੇਦੀ = ਅਲੱਗ ਅਲੱਗ ਰੂਪ ਧਾਰ ਕੇ, ਜਮ ਅਲੱਗ ਅਲੱਗ ਰੂਪ ਧਾਰ ਕੇ , ਜਿਵੇ : ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ।
    ਅਰਥ : ਹੇ ਮਨਾ ! ਤੂੰ ਆਪਣੇ ਬਲਬੂਤੇ ਤੇ ਜਮਾ ਦੀ ਮਾਰ ਤੋਂ ਬਚ ਨਹੀਂ ਸਕਦਾ ਕਿਓਂਕਿ ਸਚੇ ਕਰਤੇ ਦੇ ਗੁਣਾਂ ਨਾਲੋ ਟੁੱਟਦਿਆਂ ਹੀ ਜਮ ਵੱਖ ਵੱਖ ਰੂਪ ਧਾਰ ਕੇ ਤੇਰੀ ਸੋਚ ਤੇ ਭਾਰੂ ਹੋ ਜਾਂਦੇ ਹਨ ਅਤੇ ਤੇਰੀ ਸੋਚ ਨੂੰ ਧੱਕੇ ਨਾਲ ਔਗਣਾਂ ਵਾਲੇ ਪਾਸੇ ਲੈ ਜਾਂਦੇ ਹਨ ਭਾਵ ਤੇਰੀ ਸੋਚ ਤੇ ਢਹਿੰਦੀ ਕਲਾ ਆ ਜਾਂਦੀ ਹੈ ।

    ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥
    ਅਰਥ : ਹੇ ਮਨਾ ! ਅਗਰ ਤੂੰ ਰੱਬੀ ਹੁਕਮ ਨੂੰ ਵਿਸਾਰ ਇਸ ਜੀਉ ਪਿੰਡੁ ਦੇ ਗਿਆਨ ਇੰਦਰਿਆਂ ਨੂੰ ਹਾਕਮ ਬਣ ਆਪਣੀ ਮਤਿ ਅਨੁਸਾਰ ਚਲਾ ਅਤੇ ਆਪਣੇ ਬਲਬੂਤੇ ਤੇ ਨਰਕ ਵਿੱਚ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰੇਂਗਾ ਤਾਂ ਅਸਫਲ ਹੀ ਹੋਵੇਂਗਾ ਕਿਓਂਕਿ ਜਮਾ ਦਾ ਟਾਕਰਾ ਕਰਨ ਵਾਲੇ ਰੱਬੀ ਗੁਣ ਤੂੰ ਵਿਸਾਰ ਦਿੱਤੇ ਹਨ । ਸਚੇ ਕਰਤੇ ਦੇ ਦੈਵੀ ਗੁਣਾਂ ਨਾਲੋ ਟੁੱਟਦਿਆਂ ਹੀ ਜਮ ਵੱਖ ਵੱਖ ਔਗਣਾਂ ਦਾ ਰੂਪ ਧਾਰ ਕੇ ਧੱਕੇ ਨਾਲ ਤੇਰੀ ਸੋਚ ਤੇ ਭਾਰੂ ਹੋ ਜਾਂਦੇ ਹਨ ਜਿਸ ਨਾਲ ਤੇਰੀ ਸੋਚ ਤੇ ਢਹਿੰਦੀ ਕਲਾ ਆ ਜਾਂਦੀ ਹੈ ।

    ਕੋ ਰਹੈ ਨ
    ਕੋ = ਕੋਈ , ਕੋਈ ਗੁਣ । ਰਹੈ ਨਾ = ਰਹਿਆ ਨਹੀਂ । ਕੋ ਰਹੈ ਨ = ਕੋਈ ਗੁਣ ਰਹਿਆ ਨਹੀਂ ।
    ਅਰਥ : ਹੇ ਮਨਾ ! ਔਗਣਾਂ ਭਰੀ ਨਰਕ ਵਾਲੀ ਜਿੰਦਗੀ ਜਿਉਂਦਿਆਂ ਹੁਣ ਤੇਰੇ ਅੰਦਰ ਕੋਈ ਰੱਬੀ ਗੁਣਾਂ ਵਾਲੀ ਗੱਲ ਨਹੀਂ ਰਹੀ । ” ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥ {ਪੰਨਾ 12}”

    ਭਰੀਐ ਪਾਈਐ
    ਭਰੀਐ = ਭਰ ਗਈ ਹੈ । ਪਾਈ = ਪੁਰਾਣੇ ਸਮਿਆਂ ਵਿੱਚ ਸਮਾਂ ਮਾਪਣ ਵਾਲਾ ਇੱਕ ਯੰਤਰ । ਭਰੀਐ ਪਾਈਐ = ਪਾਈ ਭਰ ਗਈ ਹੈ ।
    ਅਰਥ : ਜਦੋਂ ਪਾਈ ਭਰ ਜਾਂਦੀ ਹੈ ਤਾਂ ਡੁੱਬ ਜਾਂਦੀ ਹੈ।

    ਕੋ ਰਹੈ ਨ ਭਰੀਐ ਪਾਈਐ ॥੫॥
    ਅਰਥ : ਹੇ ਮਨਾ ! ਦੈਵੀ ਗੁਣਾਂ ਨਾਲੋਂ ਟੁੱਟ, ਔਗਣਾਂ ਭਰੀ ਨਰਕ ਵਾਲੀ ਜਿੰਦਗੀ ਜਿਉਂਦਿਆਂ ਹੁਣ ਤੇਰੇ ਅੰਦਰ ਕੋਈ ਰੱਬੀ ਗੁਣਾਂ ਵਾਲੀ ਗੱਲ ਨਹੀਂ ਰਹੀ । ਜਿਵੇਂ ਜਦੋਂ ਪਾਈ ਭਰ ਜਾਂਦੀ ਹੈ ਤਾਂ ਡੁੱਬ ਜਾਂਦੀ ਹੈ, ਉਵੇਂ ਹੀ ਮਨਾ ! ਤੇਰੀ ਜਿੰਦਗੀ ਕੁਕਰਮਾ ਨਾਲ ਭਰ ਕੇ ਨਰਕ ਵਿੱਚ ਗ੍ਰਸਤ ਹੋ ਗਈ ਹੈ । “ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ {ਪੰਨਾ 12}” ਵਾਲੇ ਜਿਸ ਮਕਸਦ ਤਹਿਤ ਤੂੰ ਇਸ ਦੁਨੀਆ ਤੇ ਆਇਆ ਸੀ ਉਸ ਨੂੰ ਪੂਰਾ ਕਰਨ ਵਿੱਚ ਹੇ ਮਨਾ ! ਤੂੰ ਅਸਫ਼ਲ ਰਿਹਾ।

    ਫਿਰ ਇਸ ਕਾਰਜ ਵਿੱਚ ਸਫਲਤਾ ਹਾਸਲ ਕਿਵੇਂ ਕੀਤੀ ਜਾਵੇ ? ਜਿਸ ਦੀ ਵੀਚਾਰ ਗੁਰੂ ਜੀ ਅਗਲੀ ਪਉੜੀ ਵਿੱਚ ਸਮਝਾਉਂਦੇ ਹਨ : ਹੇ ਮਨਾ ! ਤੈਨੂੰ ਕਰਤੇ ਵਲੋਂ ਬਖਸ਼ਸ਼ ਹੋਏ ਰੱਬੀ ਗੁਣਾਂ ਅਤੇ ਸਰੀਰਕ ਪਦਾਰਥਾਂ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਇਸ ਦੀ ਸੋਝੀ ਲੈਣੀ ਪਵੇਗੀ, ਜੋ ਸਤਿਗੁਰੂ ਤੋਂ ਵਧੀਆ ਹੋਰ ਕੋਈ ਨਹੀਂ ਸਮਝਾ ਸਕਦਾ, ਗੁਰੂ ਜੀ ਅਗਲੀ ਪਉੜੀ ਵਿੱਚ ਦਰਸਾਉਂਦੇ ਹਨ : ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥

Leave a Reply

Powered By Indic IME