- page 5
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
One thought on “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥” Go To Your Profile
Leave a Reply
You must be logged in to post a comment.
ਇਹ ਪਾਤਾਲ ਆਗਾਸ ਕੀ ਹੈ? ਇਹ ਜਪੁ ਦੀ 22ਵੀਂ ਪਉੜੀ ਦੀ ਪਹਿਲੀ ਪੰਕਤੀ ਹੈ। ਇਸ ਨੂੰ ਸਮਝਨ ਦਾ ਜਤਨ ਕਰਦੇ ਹਾਂ।
ਸਭ ਤੋਂ ਪਹਿਲਾਂ ਇਹ ਵੇਖੀਏ ਕਿ ਇਸ ਪਉੜੀ ਤੋਂ ਪਹਿਲਾਂ ਗੱਲ ਕੀ ਚਲਦੀ ਪਈ ਸੀ। ਭਾਵ ਪਹਿਲਾਂ 21ਵੀਂ ਪਉੜੀ ਤੇ ਥੋੜੀ ਨਜਰ ਮਾਰ ਲਈ ਜਾਵੇ।
ਤੀਰਥੁ ਤਪੁ ਦਇਆ ਦਤੁ ਦਾਨੁ।।
ਜੇ ਕੋ ਪਾਵੈ ਤਿਲ ਕਾ ਮਾਨੁ।।
ਸੁਣਿਆ ਮੰਨਿਆ ਮਨਿ ਕੀਤਾ ਭਾਉ।।
ਅੰਤਰਗਤਿ ਤੀਰਥਿ ਮਲਿ ਨਾਉ।।
ਸਭਿ ਗੁਣ ਤੇਰੇ ਮੈ ਨਾਹੀ ਕੋਇ।।
ਵਿਣੁ ਗੁਣ ਕੀਤੇ ਭਗਤਿ ਨ ਹੋਇ।।
ਸੁਅਸਤਿ ਆਥਿ ਬਾਣੀ ਬਰਮਾਉ।।
ਸਤਿ ਸੁਹਾਣੁ ਸਦਾ ਮਨਿ ਚਾਉ।।
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ।।
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ।।
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ।।
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ।।
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ।।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।।
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ।।
ਨਾਨਕ ਆਖਣਿ ਸਭੁ ਕੋ ਆਖੈ ਇੱਕ ਦੂ ਇਕੁ ਸਿਆਣਾ।।
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ।।
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ।। ੨੧।।
ਪਹਿਲੀਆਂ 6 ਪੰਕਤੀਆਂ (ਲਾਲ ਅੱਖਰਾਂ ਵਾਲੀਆਂ) ਵਿੱਚ ਗੁਰੁ ਸਾਹਿਬ ਗੱਲ ਮੰਨ ਦੀ ਕਰ ਰਹੇ ਹਨ। ਤੀਰਥ, ਤਪ ਦਯਾ ਦਾਨ ਆਦਿ ਸਭ ਬਾਹਿਰ ਦੇ ਕਰਮ ਹਨ ਅਤੇ ਇਹਨਾਂ ਸਭ ਦੀ ਤਿਲ ਜਿੰਨੀ ਕੀਮਤ ਹੈ ਜੇ ਅਸਲ ਕੰਮ ਨਹੀਂ ਕੀਤਾ ਗਿਆ। ਅਸਲ ਕੰਮ ਹੈ “ਸੁਣਿਆ ਮੰਨਿਆ ਮਨਿ ਕੀਤਾ ਭਾਉ”। “ਸੁਣਿਆ ਮੰਨਿਆ” ਦਾ ਅਰਥ ਹੈ ਪੜਨਾ ਲਿਖਨਾ, ਗਿਆਨ ਹਾਸਿਲ ਕਰਨਾ, ਗੱਲ ਨੂੰ ਸਮਝਨਾ, ਤੱਤ ਗ੍ਰਹਣ ਕਰਨਾ, ਪਾਣੀ ਦੇ ਬਜਾਇ ਦੁੱਧ ਰਿੜਕਣਾ, ਵਿਸੇਂ ਨੂੰ ਉਸ ਦੀ ਸਮਗ੍ਰਤਾ ਵਿੱਚ ਵੇਖਣਾ। ਜਿਸ ਗੱਲ ਨੂੰ ਗੁਰੁ ਸਾਹਿਬ ਨੇ ਸਿਰਫ ਪੰਜ ਅੱਖਰਾਂ ਦੀ ਇੱਕ ਪੰਕਤੀ ਵਿੱਚ ਨਜਰ ਕੀਤਾ ਹੈ, ਉਸੀ ਗੱਲ ਨੂੰ ਕਬੀਰ ਸਾਹਿਬ ਨੇ ਪੂਰੇ ਸ਼ਬਦ ਵਿੱਚ ਬਿਆਨ ਕੀਤਾ ਹੈ।
ਰਾਗੁ ਗਉੜੀ ਚੇਤੀ।।
ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ।।
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ।। ੧।। ਰਹਾਉ।।
ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ।।
ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ।। ੧।।
ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ।।
ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ।। ੨।। ੪੩।।
“ਮਨਿ ਕੀਤਾ ਭਾਉ” ਦਾ ਅਰਥ ਹੈ ਕਿ ਸੁਣਨ ਮੰਨਣ ਦਾ ਲਾਭ ਤਾ ਹੀ ਹੈ ਜੇ ਮੰਨ ਦੀ ਕਠੋਰਤਾ ਦੂਰ ਹੋਵੇ। ਮੰਨ ਕੂਲਾ ਹੋਵੇ। ਇਹ ਇੱਕ ਐਸਾ ਤੀਰਥ ਹੈ ਜਿਸ ਵਿੱਚ ਮਲ ਮਲ ਕੇ ਨਹਾਉਣਾ ਚਾਹੀਦਾ ਹੈ।
ਅਗਲੀਆਂ ਦੋ ਪੰਕਤੀਆ (ਲੀਲੇ ਅੱਖਰਾਂ ਵਿਚ) ਗੁਰੁ ਸਾਹਿਬ ਦਾ ਫੈਸਲਾ ਹੈ ਕਿ ਖਿੜੇ ਹੋਏ ਮੰਨ ਤੋਂ ਵੱਡਾ ਤੀਰਥ ਇਸ ਦੁਨਿਆ ਵਿੱਚ ਹੋਰ ਕੋਈ ਨਹੀਂ ਹੈ। ਖਿੜੇ ਹੋਏ ਮੰਨ ਤੋਂ ਵੱਡੀ ਕੋਈ ਦੌਲਤ ਨਹੀਂ ਹੈ।
ਇਸ ਤੋਂ ਅਗਲੀਆਂ 6 ਪੰਕਤੀਆ (ਲਾਲ ਅੱਖਰਾਂ ਵਿਚ, ਕਵਣੁ ਸੁ ਵੇਲਾ…) ਵਿੱਚ ਆਕਾਰ ਦੀ ਗੱਲ ਹੈ। ਇਹ ਗੱਲ ਸ੍ਰਸ਼ਟੀ ਤੇ ਵੀ ਢੁਕਦੀ ਹੈ ਪਰ ਜੇ ਪ੍ਰਕਰਣ ਨੂੰ ਜੋੜੀਆ ਜਾਵੇ ਤਾ ਮੰਨੁਖੀ ਸ਼ਰੀਰ ਤੇ ਜਿਆਦਾ ਢੁਕਦੀ ਹੈ। ਸ਼ਰੀਰ ਮੰਨ ਦੀ ਅਭਿਵਿਅਕਤੀ ਦਾ ਸਾਧਨ ਹੈ। ਮੰਨ ਅਤੇ ਮੰਨ ਦੀ ਅਭਿਵਿਅਕਤੀ ਦਾ ਸਾਧਨ, ਦੋਵੇਂ ਹੀ ਰੱਬ ਦੀ ਵੱਡਮੁਲੀ ਦੇਣ ਹਨ। ( “ਜਪੁ “ਵਿਚ ਅੱਗੇ ਚਲ ਕੇ ਗੁਰੁ ਸਾਹਿਬ ਇਸ ਨੂੰ ਹੋਰ ਵਿਸਤਾਰ ਦਿੰਦੇ ਹਨ। ਅਮੁਲੁ ਬਖਸੀਸ ਅਮੁਲੁ ਨੀਸਾਣੁ।। ।) ਇਸ ਦਾ ਆਦਿ ਕਿਸੇ ਨੂੰ ਵੀ ਨਹੀਂ ਪਤਾ।
ਅਖੀਰਲੀ 4 ਪੰਕਤੀਆਂ ਵਿੱਚ ਗੁਰੁ ਸਾਹਿਬ ਨੇ ਸਵਾਲ ਖੜਾ ਕੀਤਾ ਕਿ ਜਿਸ ਨੇ ਸਾਨੂੰ ਇਤਨੀ ਵੱਡਮੁੱਲੀ ਦਾਤ ਬਖਸ਼ੀ ਹੈ, ਉਸ ਦਾ ਸ਼ੁਕਰਾਨਾ ਕੀਵੇਂ ਕੀਤਾ ਜਾਵੇ? ਇੱਥੇ ਗੁਰੁ ਸਾਹਿਬ ਨੇ ਚਾਰ ਲਫਜ ਵਰਤੇ ਹਨ। ਆਖਾ, ਸਾਲਾਹੀ, ਵਰਨੀ ਅਤੇ ਜਾਣਾ। ਇਸ ਤੌਂ ਅੱਗੇ ਗੁਰੁ ਸਾਹਿਬ ਨੇ ਲਫਝ ਵਰਤੇ ਹਨ” ਇੱਕ ਦੂ ਇਕੁ ਸਿਆਣਾ।। “ ਕਈ ਵਾਰੀ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਲਫਜ ਮਜਾਕੀਆ ਲਹਜੇ ਵਿੱਚ ਵਰਤੇ ਗਏ ਹਨ। ਕੀ ਗੁਰੁ ਸਾਹਿਬ ਨੇ ਸਿਆਣਿਆਂ ਤੇ ਟੋਂਟ ਕਸਿਆ ਹੈ? ਨਹੀਂ।
“ਜਪੁ” ਬੜੀ ਗੰਭੀਰ ਬਾਣੀ ਹੈ। ੳਸੁ ਦੀ ਸਾਲਾਹਣਾ, ਵਰਣਨ ਵੀ ਇੱਕ ਗੰਭੀਰ ਵਿਸ਼ਾ ਹੈ। ਗੁਰੂ ਸਾਹਿਬ ਵਾਕਈ ਮੰਨਦੇ ਹਨ ਕਿ ਇਸ ਬਾਬਤ ਸਿਆਣਿਆਂ ਵਲੋਂ ਬੜਾ ਕੁੱਝ ਕਿਹਾ ਗਿਆ ਹੈ। ਇਸ ਨੂੰ ਅਸੀ ਅੱਗੇ ਚਲ ਕੇ ਵਿਚਾਰਾਂਗੇ।
ਇਸ ਤੋਂ ਅਗਲੀ 22ਵੀਂ ਪਉੜੀ ਨੂੰ ਵਿਚਾਰਣ ਤੋਂ ਪਹਿਲਾਂ ਇੱਕ ਝਾਤੀ 23ਵੀਂ ਪਉੜੀ ਤੇ ਜੇ ਮਾਰ ਲਈ ਜਾਵੇ ਤਾਂ 22ਵੀਂ ਪਉੜੀ ਸਮਝਨੀ ਸੌਖੀ ਹੋ ਸਕਦੀ ਹੈ। 23ਵੀਂ ਪਉੜੀ ਹੇਠਾਂ ਦਿੱਤੀ ਹੈ।
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ।।
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ।।
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ।।
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ।। ੨੩।।
ਆਪਾਂ ਉਪਰ ਵੇਖ ਆਏ ਹਾਂ ਕਿ 21ਵੀਂ ਪਉੜੀ ਇੱਕ ਸਵਾਲ ਤੇ ਖਤਮ ਹੋਈ ਸੀ ਕਿ ਉਸ ਦੀਆਂ ਗੱਲਾਂ, ਉਸ ਦਾ ਵਰਣਨ, ਉਸ ਦੀ ਸਾਲਾਹਣਾ ਅਤੇ ਉਸ ਨੂੰ ਕਿਵੇਂ ਜਾਣਿਆ ਜਾਵੇ? ਅਤੇ 23ਵੀਂ ਪਉੜੀ ਵਿੱਚ ਫਿਰ ਗੱਲ “ਸਾਲਾਹਣਾ” ਤੋਂ ਸ਼ੁਰੂ ਹੋਈ ਹੈ। ਉਸ ਦੀ ਸਾਲਾਹਣਾ ਕਰ ਕਰ ਕੇ ਵੀ ਉਸ ਦਾ ਭੇਦ ਨਹੀਂ ਪਾ ਜਾ ਸਕਿਆ। ਪਰ ਗੁਰੁ ਸਾਹਿਬ ਇਹ ਨਹੀਂ ਕਹਿ ਰਹੇ ਕਿ ਉਸ ਨੂੰ ਸਾਲਾਹੁਣ ਦਾ ਕੋਈ ਫਾਇਦਾ ਨਹੀਂ। ਸਗੋਂ ਇਹ ਕਹਿ ਰਹੇ ਹਨ ਕਿ ਉਸ ਦੀ ਸਾਲਾਹਣਾ ਇਤਨੀ ਵੱਡਮੁੱਲੀ ਹੈ ਕਿ ਧਨ ਦੌਲਤ ਦੇ ਸਮੁੰਦਰ ਅਤੇ ਪਹਾੜਾਂ ਜ੍ਹਿੰਨੇ ਅੰਬਾਰ ਵੀ ਲੱਗ ਜਾਣ ਤਾਂ ਵੀ ਉਸ ਦੀ ਸਾਲਾਹਣਾ ਅੱਗੇ ਇਹਨਾਂ ਦੀ ਕੀਮਤ ਕੀੜੀ ਜ੍ਹਿੰਨੀ ਵੀ ਨਹੀਂ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ 21ਵੀ ਪਉੜੀ ਵਿੱਚ ਸਾਲਾਹਣਾ ਦੇ ਸਵਾਲ ਤੇ ਗੱਲ ਮੁੱਕੀ ਹੈ ਅਤੇ 23ਵੀਂ ਪਉਵੀ ਵਿੱਚ ਵੀ ਸਾਲਾਹਣਾ ਤੋਂ ਗੱਲ ਸ਼ੁਰੂ ਹੋਈ ਹੈ ਤਾ ਫਿਰ 22ਵੀਂ ਪਉੜੀ ਵਿੱਚ ਆਕਾਸ਼ ਪਾਤਾਲ ਦੀ ਗੱਲ ਕਿੱਥੋਂ ਆ ਗਈ? ਜਰੂਰ ਅਸੀ ਗੱਲ ਨੂੰ ਸਮਝਣ ਵਿੱਚ ਅਸਫਲ ਰਹੇ ਹਾਂ। ਗੁਰਬਾਣੀ ਦਾ ਇੱਕ ਠੋਸ ਨਿਯਮ ਹੈ ਕਿ ਇਸ ਵਿੱਚ ਵਿਚਾਰ ਦੀ ਇੱਕ ਸਹਜ ਅਤੇ ਅਨਿਖੜਵੀਂ ਲੜੀਂ ਚਲਦੀ ਹੈ। ਪ੍ਰਕਰਣ ਸਹਜ ਸੁਭਾਏ ਚਲਦਾ ਹੈ। ਭਾਵ ਕਿ ਇੱਕ ਰਾਗ ਦਾ ਸੰਬਧ ਅਗਲੇ ਪਿਛਲੇ ਰਾਗਾਂ ਨਾਲ ਹੁੰਦਾ ਹੈ। ਇੱਕ ਘਰ ਦਾ ਸੰਬਧ ਅਗਲੇ ਪਿਛਲੇ ਘਰ ਨਾਲ ਹੁੰਦਾ ਹੈ। (ਜੇ ਕਿਸੇ ਘਰ ਵਿੱਚ ਇੱਕ ਗੁਰੁ ਦੀ ਬਾਣੀ ਨਹੀਂ ਹੈ ਤਾ ਉਸ ਖਲਾ ਨੂੰ ਪੂਰਣ ਲਈ ਉਸੇ ਘਰ ਵਿੱਚ ਦੂਜੇ ਗੁਰੁ ਦੀ ਬਾਣੀ ਮਿਲੇਗੀ)। ਇੱਕ ਸ਼ਬਦ ਦਾ ਸੰਬਧ ਉਸ ਦੇ ਅਗਲੇ ਪਿਛਲੇ ਸ਼ਬਦਾਂ ਨਾਲ ਹੁੰਦਾ ਹੈ। ਇਹ ਸੰਬਧ ਅੱਖਰਾਂ ਵਿੱਚ ਨਹੀਂ ਲਿਖੇ ਹੋਏ ਪਰ ਇਹ ਸੰਬਧ ਮੌਜੂਦ ਹਨ। ਕਿਸੇ ਵੀ ਸ਼ਬਦ ਦੀ ਵਿਚਾਰ ੳਦੋਂ ਤਕ ਮੁੰਕਮਲ ਨਹੀਂ ਕਹੀ ਜਾ ਸਕਦੀ ਜਦੋਂ ਤਕ ਵਿਚਾਰਾਧੀਨ ਸ਼ਬਦ ਦੇ ਅਗਲੇ ਪਿਛਲੇ ਸ਼ਬਦਾਂ ਨਾਲ ਸੰਬਧ ਦੀ ਸੋਝੀ ਨਾ ਪੈ ਜਾਵੇ। ਸੋ ਇਹ 22ਵੀਂ ਪਉੜੀ 21ਵੀ ਂ ਅਤੇ 23ਵੀਂ ਪਉੜੀ ਨਾਲ ਸੰਬਧਤ ਹੈ। ਇਸ ਦੀ ਆਜਾਦ ਹਸਤੀ ਨਹੀਂ ਹੈ। 22ਵੀਂ ਪਉੜੀ ਇਸ ਤਰਾਂ ਹੈ।
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।।
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇੱਕ ਵਾਤ।।
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ।।
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ।।
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ।। ੨੨।।
ਭਾਈ ਕਾਹਣ ਸਿੰਘ ਨਾਭਾ ਨੇ “ਪਾਤਾਲ “ਦੇ ਇੱਕ ਅਰਥ “ਪੈਰਾਂ ਦਾ ਤਲਾ” ਵੀ ਕੀਤੇ ਹਨ। ਅਤੇ “ਆਗਾਸ” ਦਾ ਅਰਥ ਕਬੀਰ ਸਾਹਿਬ ਨੇ ਸਪਸ਼ਟ ਕੀਤਾ ਹੈ।
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ।। (੧੧੦੫)
ਭਾਵ ਕਿ ਜਦੋਂ ਸਿਰ ਵਿੱਚ ਗਿਆਨ ਦਾ ਡੰਡਾ ਵਜਿਆ ਤੇ ਉਹ ਨਿਸ਼ਾਨੇ ਤੇ ਵਜਿਆ ਭਾਵ ਕਿ ਇਹ ਸਮਝ ਲੱਗੀ ਕਿ ਇਸ ਗਿਆਨ ਦਾ ਕਰਨਾ ਕੀ ਹੈ।
ਜੇ ਆਗਾਸ ਪਾਤਾਲ ਦੇ ਰਵਾਈਤੀ ਅਰਥ ਵੀ ਲਏ ਜਾਣ ਤਾਂ ਵੀ ਗੁਰਬਾਣੀ ਦਾ ਫੁਰਮਾਣ ਹੈ:
ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ।।
ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ।।
ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮਾੑਲਾ।। ੨।।
ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ।।
ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ।।
ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ।। ੩।।
(754) ਅਤੇ
ਸੋ ਬ੍ਰਹਮੰਡਿ ਪਿੰਡਿ ਸੋ ਜਾਨੁ।। (੧੧੬੨)
“ਲਖ” ਦਾ ਅਰਥ ਵੀ ਵੇਖਨਾ ਹੁੰਦਾ ਹੈ। ਉਪਰਲੇ ਸ਼ਬਦ (ਪੰਨਾ 754) ਵਿਚੋਂ ਵੀ ਇਹ ਅਰਥ ਸਾਬਿਤ ਹੁੰਦਾ ਹੈ। ਪਰ ਇਥੇ ਹੀ ਗੱਲ ਨਹੀਂ ਮੁੱਕਦੀ। ਪਾਤਾਲ ਆਗਾਸ ਲਫਜ ਉਪਰ ਦਿਸੱਣ ਵਾਲੇ ਆਕਾਸ਼ ਬਾਰੇ ਵੀ ਆਇਆ ਹੈ।
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ।। (੪੬੪)
ਜ੍ਹਿਨਾਂ ਸਿਆਣਿਆਂ ਦਾ ਜਿਕਰ ਗੁਰੁ ਨੇ 21ਵੀਂ ਪਉੜੀ ਦੇ ਅੰਤ ਵਿੱਚ ਕੀਤਾ ਹੈ, ਉਹਨਾਂ ਦੀ ਹੀ ਗੱਲ ਨੂੰ ਗੁਰੁ ਨੇ 22ਵੀਂ ਪਉੜੀ ਵਿੱਚ ਅੱਗੇ ਤੋਰਿਆ ਹੈ। ਇਹਨਾਂ ਸਿਆਣਿਆਂ ਨੇ ਆਪਣੇ ਤਨ ਨੂੰ ਪੈਰਾਂ ਤੋਂ ਲੈ ਕਿ ਸਿਰ ਤੱਕ ਅਤੇ ਬਾਹਰਲੀ ਕੁਦਰਤ ਨੂੰ ਖੋਜ ਖੋਜ ਕੇ ਅਤੇ ਵਿਚਾਰ ਵਿਚਾਰ ਕੇ ਇਹੀ ਸਿੱਟਾ ਕਡਿਆ ਕਿ ਸਬ ਦਾ ਆਧਾਰ ਇੱਕ ਹੀ ਹੈ (ਅਸੁਲੂ ਇਕੁ ਧਾਤੁ।।) ਗੁਰਬਾਣੀ ਵਿੱਚ ਵੀ ਬਹੁਤ ਉਦਾਹਰਣਾ ਬਾਹਰਲੀ ਕੁਦਰਤ ਵਿਚੋਂ ਲਈਆਂ ਗਈਆਂ ਹਨ। ਵੇਖੋ:
ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ।।
ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ।। ੧।।
(੪੮੬)
21ਵੀਂ ਪਉੜੀ ਵਿੱਚ ਜੋ ਲਫਜ ਵਰਤੇ ਸਨ, ਆਖਾ, ਸਾਲਾਹੀ, ਵਰਣੀ ਅਤੇ ਜਾਣਾ, ਇਸ ਪਉੜੀ ਵਿੱਚ ਇਹਨਾਂ ਨੂੰ ਸਮੇਟ ਕੇ ਇੱਕ ਲਫਜ “ਲਿਖੀਐ” ਦਿੱਤਾ ਹੈ। ਪਰ ਨਾਲ ਹੀ ਗੁਰੁ ਨੇ ਇਸੇ ਪਉੜੀ ਦੀ ਚੌਥੀ ਪੰਕਤੀ ਵਿੱਚ ਸਪਸ਼ਟ ਕੀਤਾ ਕਿ ਜਿਸ ਤੇ ਉਸ ਦੀ ਮੇਹਰ ਹੁੰਦੀ ਹੈ ਸਿਰਫ ਉਸ ਦੀ ਘਾਲਣਾ ਥਾਇਂ ਪੈਂਦੀ ਹੈ। ਭਾਵ ਇਹ ਕਿ ਉਸ ਦੀ ਸਿਫਤ ਸਾਲਾਹ ਵਿੱਚ ਬਹੁਤ ਕੁੱਝ ਲਿਖੀਆ ਗਿਆ। ਕਿਸੇ ਦੀ ਘਾਲਣਾ ਸਫਲ ਹੈ (ਲੇਖਾ ਹੋਇ ਤ ਲਿਖੀਐ) ਬਾਕੀਆਂ ਨੇ ਸਿਰਫ ਕਾਗਜ ਹੀ ਕਾਲੇ ਕੀਤੇ ਹਨ (ਲੇਖੈ ਹੋਇ ਵਿਣਾਸੁ।।)।
ਸੋ ਇਸ ਪਉੜੀ ਵਿੱਚ ਆਕਾਸ਼ ਪਾਤਾਲਾਂ ਦੀ ਗਿਣਤੀ ਦੀ ਗੱਲ ਨਹੀਂ ਹੈ। ਸਗੋਂ ਆਪਣੇ ਤਨ-ਮਨ ਅਤੇ ਕੁਦਰਤ ਨੂੰ ਖੋਜਨਾ ਹੈ।