ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

One thought on “mool mantar”       Go To Your Profile

  1. ਮੂਲਮੰਤਰ ਜਾਂ ਮੰਗਲਾਚਰਣ

    ਸਭ ਤੋਂ ਪਹਿਲਾਂ ਤੇ ਇਹ ਵੇਖਣਾ ਚਾਹੀਦਾ ਹੈ ਕਿ ਇਸ ਨੂੰ ਮੰਗਲਾਚਰਣ ਕਹਿਣਾ ਜਿਆਦਾ ਢੁਕਵਾਂ ਹੈ ਜਾਂ ਮੂਲਮੰਤਰ?

    ਪੰਨਾ 844 ਤੇ ਗੁਰੁ ਰਾਮਦਾਸ ਜੀ ਦੀ ਇੱਕ ਬਾਣੀ ਦਰਜ ਹੈ ਜਿਸ ਦਾ ਨਾਮ “ਮੰਗਲ” ਹੈ ਅਤੇ ਇਹ ਛੰਤ ਰੂਪ ਵਿੱਚ ਹੈ।

    ਛੰਤ ਬਿਲਾਵਲੁ ਮਹਲਾ ੪ ਮੰਗਲ ੴ ਸਤਿਗੁਰ ਪ੍ਰਸਾਦਿ ॥ ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ ॥ ਗੁਰਿ ਤੁਠੈ ਹਰਿ ਪ੍ਰਭੁ ਪਾਇਆ ਰੰਗਿ ਰਲੀਆ ਮਾਣਾ ਰਾਮ ॥ ਵਡਭਾਗੀਆ ਸੋਹਾਗਣੀ ਹਰਿ ਮਸਤਕਿ ਮਾਣਾ ਰਾਮ ॥ ਹਰਿ ਪ੍ਰਭੁ ਹਰਿ ਸੋਹਾਗੁ ਹੈ ਨਾਨਕ ਮਨਿ ਭਾਣਾ ਰਾਮ ॥੧॥ {ਪੰਨਾ 844}

    ਇਸ ਤੋਂ ਦੋ ਨੁਕਤੇ ਸਪਸ਼ਟ ਹੁੰਦੇ ਹਨ। ਪਹਿਲਾ ਤੇ ਇਹ ਕਿ ਮੰਗਲ ਇੱਕ ਸ਼ੁਭ ਅਤੇ ਅਨੰਦਮਈ ਅਵਸਥਾ ਜਾਂ ਮਾਹੌਲ ਦਾ ਨਾਮ ਹੈ। ਪਰ ਜਦੋਂ ਅਸੀ “ੴ ਤੋਂ ਗੁਰਪ੍ਰਸਾਦਿ ਜਾਂ ਹੋਸੀ ਭੀ ਸਚੁ” ਤਕ ਵੀਚਾਰਦੇ ਹਾਂ ਤਾ ਇਸ ਵਿੱਚ “ਮੰਗਲ” ਤੋਂ ਜਿਆਦਾ “ਮੂਲ ਸਿਖਿਆ” ਦਾ ਆਭਾਸ ਹੁੰਦਾ ਹੈ। ਗੁਰਬਾਣੀ ਵਿਚਾਰਿਆਂ ਵੀ ਇਹੀ ਪਤਾ ਚਲਦਾ ਹੈ ਕਿ ਅਸੀ ਕਿਵੇਂ ਆਪਣੇ ਜੀਵਨ ਨੂੰ ਮੰਗਲਮਈ ਕਰਨਾ ਹੈ। ਸੋ “ਮੰਗਲ” ਇੱਕ ਬਾਅਦ ਦੀ ਅਵਸਥਾ ਹੈ ਨਾ ਕਿ ਆਰੰਭ ਦੀ।

    ਦੂਜਾ ਇਹ ਕਿ ਜੇ ਇਸ ਛੰਤ ਦਾ ਨਾਮ “ਮੰਗਲ” ਹੈ ਤਾ ਫਿਰ ਇਸ ਤੋਂ ਬਾਅਦ ਦੁਬਾਰਾ ਮੰਗਲਾਚਰਣ “ੴ ਸਤਿਗੁਰ ਪ੍ਰਸਾਦਿ” ਲਿਖਣਾ ਠੀਕ ਨਹੀਂ ਹੋ ਸਕਦਾ। ਮੇਰਾ ਵਿਚਾਰ ਹੈ ਕਿ ਇੱਥੇ “ੴ ਸਤਿਗੁਰ ਪ੍ਰਸਾਦਿ” ਮੰਗਲਾਚਰਣ ਨਹੀਂ ਸਗੋਂ ਇੱਕ ਤਰਾਂ ਦੀ ਅਰਦਾਸ ਹੈ ਜਾਂ ਇਹ ਦਸਿਆ ਗਿਆ ਹੈ ਕਿ ਹੇਠਾਂ ਜੋ ਕੁੱਝ ਵੀ ਲਿਖਿਆ ਗਿਆ ਹੈ, ਉਸ ਦੀ ਕ੍ਰਿਪਾ ਸਦਕਾ ਲਿਖਿਆ ਗਿਆ ਹੈ।

    ਸੋ ਮੇਰਾ ਵਿਚਾਰ ਹੈ ਕਿ ਇਸ ਨੂੰ ਮੰਗਲਾਚਰਣ ਦੇ ਬਜਾਏ ਮੂਲਮੰਤਰ ਕਹਿਣਾ ਜਿਆਦਾ ਢੁਕਵਾਂ ਹੈ।

    ਹੁਣ ਗੱਲ ਕਰੀਏ ਕਿ ਇਹ ਮੂਲਮੰਤਰ ਮੁਕਦਾ ਕਿੱਥੇ ਹੈ?

    ਮੇਰਾ ਵਿਚਾਰ ਹੈ ਕਿ “ੴ” ਤੋਂ “ਗੁਰ ਪ੍ਰਸਾਦਿ “ਤਕ ਸਿਖਿਆ ਦਿਤੀ ਗਈ ਹੈ। ਅਗਲਾ ਲਫਜ “ਜਪੁ” ਕ੍ਰਿਆ ਵਾਚਕ ਸ਼ਬਦ ਹੈ।” ਜਪੁ” ਦੇ ਪੱਪੇ ਦੀ ਔਂਕੜ ਸੰਕੇਤ ਕਰਦੀ ਹੈ ਕਿ ਕੀ ਜਪਨਾ ਹੈ। ਭਾਵ ਜੋ ਕੁੱਝ ਪਹਿਲਾਂ ਲਿਖਿਆ ਗਿਆ ਹੈ, ਉਸ ਨੂੰ ਦ੍ਰਿੜ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਉਸ ਤੋਂ ਅੱਗੇ “ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ ਵਿੱਚ ਦਸਿਆ ਗਿਆ ਹੈ ਕਿ ਦ੍ਰਿੜ ਕਿਉਂ ਕਰਨਾ ਹੈ। ਉਤਰ ਹੈ ਕਿ ਇਹੀ ਅੰਤਿਮ ਸਚ ਹੈ। ਮੂਲਮੰਤਰ ਭਾਵ ਮੂਲ ਸਿਖਿਆ ਬੇਸ਼ਕ “ਗੁਰਪ੍ਰਸਾਦਿ” ਤੇ ਮੁਕ ਜਾਂਦੀ ਹੈ ਪਰ ਗੁਰੁ ਦੀ ਗੱਲ ਅਜੇ ਪੂਰੀ ਨਹੀਂ ਹੋਈ। ਪੂਰੀ “ਹੋਸੀ ਭੀ ਸਚੁ” ਤੇ ਹੁੰਦੀ ਹੈ।

    ਸਵਾਲ: ਕੀ “ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ ਇੱਕ ਸਲੋਕ ਹੈ?

    ਵਿਚਾਰ: ਸੁਖਮਨੀ ਬਾਣੀ ਵਿੱਚ ਇਹ ਸ਼ਬਦ ਸਲੋਕ ਵਜੋਂ ਦਰਜ ਹੈ। ਪਰ ਇੱਥੇ “ਸਲੋਕ” ਨਹੀਂ ਲਿਖਿਆ ਗਿਆ। ਸਲੋਕ ਨੂੰ ਪਉੜੀ ਖੋਲਦੀ ਹੈ। ਭਾਵ ਸਲੋਕ ਵਿੱਚ ਜੋ ਅਰਥ ਛੁਪੇ ਹੁੰਦੇ ਹਨ, ਉਹਨਾਂ ਨੂੰ ਪਉੜੀ ਵਿੱਚ ਸਪਸ਼ਟ ਕੀਤਾ ਜਾਂਦਾ ਹੈ। ਮੋਟੇ ਲਫਜਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸਲੋਕ ਇੱਕ ਤਰਾਂ ਦਾ ਸਵਾਲ ਹੈ ਅਤੇ ਪਉੜੀ ਉਸ ਦਾ ਛੋਟਾ ਜਿਹਾ ਜਵਾਬ ਹੈ। ਸੁਖਮਨੀ ਵਿੱਚ ਪਉੜੀ ਦੀ ਥਾਂ ਅਸ਼ਟਪਦੀ ਹੋਣ ਕਰ ਕੇ ਜਵਾਬ ਵਿੱਚ ਵਿਸਤਾਰ ਹੈ। ਪਰ ਇਥੇ ਇਹ ਸ਼ਬਦ ਸਵਾਲ ਨਹੀਂ ਹੈ ਸਗੋਂ ਜਵਾਬ ਹੈ। ਇਹ “ਜਪੁ” ਦਾ ਜਵਾਬ ਹੈ।

    ਇੱਥੇ ਵੀ ਅਤੇ “ਜਪੁ” ਦੇ ਅਖੀਰਲੇ “ਸਲੋਕ” ਪਿੱਛੇ ਵੀ ਅੰਕ” ॥੧॥” ਦਰਜ ਹੈ।

    ਜੇ ਇਹ ਸਲੋਕ ਹੁੰਦਾ ਤਾ ਅਖੀਰਲੇ ਸਲੋਕ ਪਿੱਛੇ ਅੰਕ।। 2. । ਲਿਖਿਆ ਜਾਣਾ ਸੀ।

    ਜੇ “ਜਪੁ” ਨੂੰ ਬਾਣੀ ਦਾ ਸਿਰਲੇਖ ਮੰਨਿਆ ਜਾਵੇ ਤਾ “ਹੋਸੀ ਭੀ ਸਚੁ” ਦੇ ਪਿੱਛੇ ਵੀ ਅੰਕ ॥੧॥ ਅਤੇ ਪਹਿਲੀ ਪਉੜੀ “ਹੁਕਮਿ ਰਜਾਈ ਚਲਣਾ ਨਾਨਕ ਿਲਿਖਆ ਨਾਲਿ ॥੧॥ ਅੰਕ ਦੇ ਪਿਛੇ ਵੀ ਅੰਕ ॥੧॥ ਫਿਟ ਨਹੀਂ ਬੈਠਦਾ।” “ਆਦਿ ਸਚੁ…” ਵਾਲੇ ਸ਼ਬਦ ਨੂੰ ਜੇ ਮੂਲਮੰਤਰ ਨਾਲ ਜੋੜ ਕੇ ਪੜਿਏ ਤਾਂ “ਹੋਸੀ ਭੀ ਸਚੁ” ਦੇ ਅੰਤ ਵਿੱਚ ਲਿਖਿਆ ਅੰਕ ॥੧॥ ਸਮਝ ਪੈ ਜਾਂਦਾ ਹੈ।

    ਘਟੋ ਘਟ ਇੱਕ ਵਿਦਵਾਨ ਦਾ ਇਹ ਵੀ ਮਤ ਹੈ ਕਿ “ਜਪੁ” ਇੱਕ ਬਾਣੀ ਦਾ ਨਹੀਂ ਸਗੋਂ ਪੂਰੇ ਗ੍ਰੰਥ ਦਾ ਨਾਮ ਹੈ। ਉਹਨਾਂ ਦੀ ਦਲੀਲ ਇਹ ਹੈ ਕਿ ਪਹਿਲਾਂ ਮੂਲਮੰਤਰ ਤੋਂ ਬਾਅਦ ਹੀ ਗ੍ਰੰਥ ਦੇ ਨਾਮ ਲਿਖੇ ਜਾਂਦੇ ਸਨ। ਇਹ ਦਲੀਲ ਕ੍ਹਿਨੀ ਕੂ ਠੀਕ ਹੈ, ਮੈਨੂੰ ਨਹੀਂ ਪਤਾ।

    ਜੇ “ਜਪੁ” ਇੱਕ ਬਾਣੀ ਜਾਂ ਸਮੂਚੇ ਗ੍ਰੰਥ ਦਾ ਨਾਮ ਹੈ ਅਤੇ ਇਸ ਦੀ ਪਹਿਲੀ ਪਉੜੀ “ਸੋਚੈ ਸੋਚਿ ਨ ਹੋਵਈ” ਤੋਂ ਸ਼ੁਰੂ ਹੁੰਦੀ ਹੈ ਤਾ ਵਿਚਕਾਰ “ਆਦਿ ਸਚੁ …” ਵਾਲੀਆਂ ਦੋ ਪੰਕਤੀਆਂ ਦਾ ਰੁਤਬਾ ਕੀ ਹੈ। ਅਸੀ ਉਪਰ ਵੇਖ ਆਏ ਹਾਂ ਕਿ ਇਹ ਸਲੋਕ ਤੇ ਨਹੀਂ ਹੈ। ਕੀ ਇਹ ਆਪਣੇ ਇਸ਼ਟ ਦੀ ਉਸਤਤ ਹੈ?

    ਗੁਰਬਾਣੀ ਵਿੱਚ ਕੁੱਝ ਸ਼ਬਦ ਐਸੇ ਵੀ ਹਨ ਜਿਹਨਾਂ ਨੂੰ ਦੇਹਲੀ ਦੀਪਕੀ ਸ਼ਬਦ ਕਿਹਾ ਜਾਂਦਾ ਹੈ। ਇਹ ਸ਼ਬਦ ਅਗਲੇ ਪਿਛਲੇ ਦੋਂਵੇ ਸ਼ਬਦਾਂ ਨਾਲ ਰਲ ਜਾਂਦੇ ਹਨ। ਹੋ ਸਕਦਾ ਹੈ “ਜਪੁ” ਵੀ ਇੱਕ ਐਸਾ ਹੀ ਸ਼ਬਦ ਹੋਵੇ ਜੋ ਮੂਲਮੰਤਰ ਦਾ ਵੀ ਅਗਲਾ ਹਿੱਸਾ ਹੋਵੇ ਅਤੇ ਬਾਣੀ ਦਾ ਵੀ ਸਿਰਲੇਖ ਹੋਵੇ। ਪਰ ਗੱਲ ਤਾ ਵੀ ਉੱਥੇ ਹੀ ਆ ਜਾਂਦੀ ਹੈ ਕਿ “ਜਪੁ” ਅਤੇ “ਜਪੁ ਦੀ ਪਹਿਲੀ ਪਉੜੀ” ਵਿੱਚ “ਆਦਿ ਸਚੁ…” ਵਾਲੀਆਂ ਦੋ ਪੰਕਤੀਆਂ ਅਤੇ ਇਹਨਾਂ ਦੇ ਮਗਰਲੇ ਪਾਸੇ ਅੰਕ ॥੧॥ ਲਿਖਣ ਦਾ ਕੀ ਭਾਵ ਹੈ?

    ਅੰਤ ਵਿੱਚ ਮੇਰਾ ਤਾ ਵਿਚਾਰ ਏਹੀ ਹੈ ਕਿ ਮੂਲਮੰਤਰ “ਗੁਰਪ੍ਰਸਾਦਿ” ਤੱਕ ਹੀ ਹੈ। “ਜਪੁ” ਅਤੇ “ਆਦਿ ਸਚੁ…” ਮੂਲਮੰਤਰ ਨਾਲ ਸੰਬਧਤ ਹਨ ਪਰ ਮੂਲਮੰਤਰ ਨਹੀਂ ਹਨ।

Leave a Reply

Powered By Indic IME